ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 12
ਭਾਰਤ, ਅਮਰੀਕਾ ਅਤੇ ਡੈਨਮਾਰਕ ਤੋਂ ਬਾਅਦ ਹੁਣ ਬੈਲਜੀਅਮ ਨੇ ਵੀ ਵੀਡੀਓ ਪਲੇਟਫਾਰਮ ਟਿਕਟੋਕ ਨੂੰ ਸੁਰੱਖਿਆ ਖ਼ਤਰਾ ਕਰਾਰ ਦਿੱਤਾ ਹੈ। ਬੈਲਜੀਅਮ ਵਿੱਚ ਸਰਕਾਰੀ ਕਰਮਚਾਰੀ ਹੁਣ ਆਪਣੇ ਕੰਮ ਵਾਲੇ ਫੋਨਾਂ ‘ਤੇ ਟਿਕਟੋਕ ਦੀ ਵਰਤੋਂ ਨਹੀਂ ਕਰ ਸਕਣਗੇ। ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਹ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਅਤੇ ਡੈਨਮਾਰਕ ਨੇ ਵੀ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸਰਕਾਰੀ ਉਪਕਰਨਾਂ ‘ਚ ਟਿੱਕ ਟਾਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।
Tiktok ਮੁਸੀਬਤ ‘ਚ
ਦੱਸ ਦੇਈਏ ਕਿ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕਈ ਦੇਸ਼ਾਂ ‘ਚ ਟਿਕਟੋਕ ‘ਤੇ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ। ਹਾਲ ਹੀ ਵਿੱਚ ਡੈਨਮਾਰਕ ਦੇ ਰੱਖਿਆ ਮੰਤਰਾਲੇ ਨੇ ਸਰਕਾਰੀ ਕਰਮਚਾਰੀਆਂ ਦੇ ਫੋਨ ਵਿੱਚ ਟਿੱਕ ਟਾਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ‘ਚ ਵੀ ਸਰਕਾਰੀ ਗੈਜੇਟਸ ‘ਚ ਟਿਕਟੋਕ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਦੇਸ਼ ਭਰ ‘ਚ ਵੀਡੀਓ ਪਲੇਟਫਾਰਮ ਨੂੰ ਬੰਦ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ।
ਵ੍ਹਾਈਟ ਹਾਊਸ ਨੇ ਟਿੱਕ ਟਾਕ ਵਰਗੀਆਂ ਖਤਰਨਾਕ ਐਪਾਂ ‘ਤੇ ਪਾਬੰਦੀ ਲਗਾਉਣ ਦੇ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇੰਨਾ ਹੀ ਨਹੀਂ ਕਈ ਹੋਰ ਦੇਸ਼ਾਂ ‘ਚ ਵੀ ਟਿਕਟੋਕ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯੂਰਪੀਅਨ ਯੂਨੀਅਨ, ਕੈਨੇਡਾ, ਤਾਈਵਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੀ ਟਿਕਟੋਕ ਨੂੰ ਅੰਸ਼ਕ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।






