Airtel network ਹੋਇਆ ਠੱਪ , ਦੇਸ਼ ਭਰ ਦੇ ਹਜ਼ਾਰਾਂ ਲੋਕ ਪਰੇਸ਼ਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੂਨ 5

ਦੇਸ਼ ਭਰ ਵਿੱਚ ਭਾਰਤੀ ਏਅਰਟੈੱਲ ਦੇ ਹਜ਼ਾਰਾਂ ਉਪਭੋਗਤਾਵਾਂ ਨੂੰ ਉਸ ਵੇਲੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਲੰਘੇ ਵੀਰਵਾਰ ਤੋਂ ਸ਼ੁਰੂ ਹੋਈ ਨੈੱਟਵਰਕ ਦੀ ਖ਼ਰਾਬੀ ਅੱਜ ਸ਼ੁੱਕਰਵਾਰ ਦੀ ਸਵੇਰ ਤੱਕ ਲਗਾਤਾਰ ਜਾਰੀ ਰਹੀ। ਇਸ ਨੈੱਟਵਰਕ ਬਲੈਕਆਊਟ ਦਾ ਸਭ ਤੋਂ ਵੱਧ ਅਸਰ ਦਿੱਲੀ-ਐੱਨ.ਸੀ.ਆਰ., ਮੁੰਬਈ ਅਤੇ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰੀ ਕੇਂਦਰਾਂ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਖਪਤਕਾਰ ਮੋਬਾਈਲ ਸੇਵਾਵਾਂ ਦੀ ਵਰਤੋਂ ਕਰਨ ਤੋਂ ਅਸਮਰੱਥ ਰਹੇ।

ਨੈੱਟਵਰਕ ਦੀ ਖ਼ਰਾਬੀ ’ਤੇ ਨਜ਼ਰ ਰੱਖਣ ਵਾਲੇ ਪਲੇਟਫਾਰਮਾਂ ਦੇ ਅੰਕੜਿਆਂ ਮੁਤਾਬਕ ਵੀਰਵਾਰ ਤੋਂ ਸ਼ਿਕਾਇਤਾਂ ਵਿੱਚ ਅਚਾਨਕ ਭਾਰੀ ਉਛਾਲ ਦਰਜ ਕੀਤਾ ਗਿਆ। ਇਸ ਦੌਰਾਨ ਸਭ ਤੋਂ ਵੱਧ ਮਾਰ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਪਈ। ਕੁੱਲ ਰਿਪੋਰਟ ਕੀਤੀਆਂ ਸ਼ਿਕਾਇਤਾਂ ਵਿੱਚੋਂ ਲਗਭਗ 64 ਫ਼ੀਸਦੀ ਮਾਮਲੇ ਇੰਟਰਨੈੱਟ ਕਨੈਕਟੀਵਿਟੀ ਨਾਲ ਸਬੰਧਤ ਸਨ। ਇਸ ਤੋਂ ਇਲਾਵਾ 27 ਫ਼ੀਸਦੀ ਉਪਭੋਗਤਾਵਾਂ ਨੇ ਮੋਬਾਈਲ ਸਿਗਨਲ ਗਾਇਬ ਹੋਣ ਅਤੇ 6 ਫ਼ੀਸਦੀ ਲੋਕਾਂ ਨੇ ਵੌਇਸ ਕਾਲ (ਫ਼ੋਨ ਕਾਲਾਂ) ਨਾ ਹੋਣ ਦੀ ਸਮੱਸਿਆ ਦਰਜ ਕਰਵਾਈ।

ਦਿੱਲੀ-ਐੱਨ.ਸੀ.ਆਰ. ਖੇਤਰ ਦੇ ਕਈ ਉਪਭੋਗਤਾਵਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵੀਰਵਾਰ ਦੁਪਹਿਰ ਨੂੰ ਆਏ ਤੇਜ਼ ਮੀਂਹ ਅਤੇ ਤੂਫ਼ਾਨ ਕਾਰਨ ਕਨੈਕਟੀਵਿਟੀ ਵਿੱਚ ਇਹ ਵੱਡੀ ਖ਼ਰਾਬੀ ਆਈ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਕਾਰਨ ਸਾਂਝਾ ਨਹੀਂ ਕੀਤਾ ਗਿਆ ਹੈ।

ਦੂਜੇ ਪਾਸੇ ਦੇਸ਼ ਵਿਆਪੀ ਪੱਧਰ ’ਤੇ ਲੱਗੇ ਇਸ ਵੱਡੇ ਝਟਕੇ ਦੇ ਬਾਵਜੂਦ ਏਅਰਟੈੱਲ ਕੰਪਨੀ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕੰਪਨੀ ਦੇ ਸੋਸ਼ਲ ਮੀਡੀਆ ਪੇਜਾਂ ’ਤੇ ਪ੍ਰੇਸ਼ਾਨ ਖਪਤਕਾਰਾਂ ਨੂੰ ਨਿੱਜੀ ਤੌਰ ’ਤੇ ਜਵਾਬ ਦਿੰਦਿਆਂ ਮੁਆਫ਼ੀ ਤਾਂ ਮੰਗੀ ਜਾ ਰਹੀ ਹੈ, ਪਰ ਨੈੱਟਵਰਕ ਉਡਣ ਦੇ ਅਸਲ ਕਾਰਨਾਂ ਜਾਂ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋਣ ਦੀ ਕਿਸੇ ਪੱਕੀ ਸਮਾਂ-ਸੀਮਾ (ਟਾਈਮਲਾਈਨ) ਬਾਰੇ ਕੰਪਨੀ ਨੇ ਹਾਲੇ ਤੱਕ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ।

Leave a Reply

Your email address will not be published. Required fields are marked *

View in English