ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 9
ਦਿੱਲੀ-NCR ਸੰਘਣੀ ਧੁੰਦ ਦੀ ਲਪੇਟ ‘ਚ ਹੈ। ਦੇਰ ਰਾਤ ਤੋਂ ਹੀ ਧੁੰਦ ਦੀ ਚਾਦਰ ਵਿਛ ਗਈ ਹੈ। ਇਸ ਦੇ ਨਾਲ ਹੀ ਠੰਢਕ ਦਾ ਹਮਲਾ ਵੀ ਜਾਰੀ ਹੈ। ਧੁੰਦ ਕਾਰਨ ਦਿੱਲੀ ਦੇ ਕਈ ਇਲਾਕਿਆਂ ‘ਚ ਵਿਜ਼ੀਬਿਲਟੀ ਬਹੁਤ ਘੱਟ ਹੈ। ਰਿੱਜ ਅਤੇ ਧੌਲਾ ਕੂਆਂ ਖੇਤਰਾਂ ਵਿੱਚ ਵਿਜ਼ੀਬਿਲਟੀ ਇੰਨੀ ਘੱਟ ਹੈ ਕਿ ਡਰਾਈਵਿੰਗ ਕਰਨਾ ਮੁਸ਼ਕਲ ਹੋ ਰਿਹਾ ਹੈ।
ਘੱਟ ਵਿਜ਼ੀਬਿਲਟੀ ਕਾਰਨ ਤਿੰਨ ਫਲਾਈਟਾਂ ਨੂੰ ਦਿੱਲੀ ਤੋਂ ਜੈਪੁਰ ਵੱਲ ਡਾਈਵਰਟ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਰਜਾਹ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ, ਅਹਿਮਦਾਬਾਦ ਤੋਂ ਆਉਣ ਵਾਲੀ ਸਪਾਈਸਜੈੱਟ ਅਤੇ ਪੁਣੇ ਤੋਂ ਆਉਣ ਵਾਲੀ ਸਪਾਈਸਜੈੱਟ ਦੀਆਂ ਉਡਾਣਾਂ ਸ਼ਾਮਲ ਹਨ।
ਉੱਤਰੀ ਰੇਲਵੇ ਜ਼ੋਨ ਵਿੱਚ ਸੰਘਣੀ ਧੁੰਦ ਕਾਰਨ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਸੰਘਣੀ ਧੁੰਦ ਅਤੇ ਠੰਢ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਬਹੁਤ ਖਰਾਬ ਹੈ ਅਤੇ ਇੱਥੇ ਮੌਸਮ ਬਹੁਤ ਠੰਡਾ ਹੈ। ਦੂਜੇ ਪਾਸੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਸ਼ਾਰਜਾਹ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਖ਼ਰਾਬ ਮੌਸਮ ਕਾਰਨ ਕਰੀਬ 15 ਉਡਾਣਾਂ ਵਿੱਚ ਦੇਰੀ ਹੋਈ ਹੈ। ਦਿੱਲੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਮੱਧ ਭਾਰਤ ਵਿੱਚ ਅਗਲੇ ਇੱਕ-ਦੋ ਦਿਨਾਂ ਵਿੱਚ ਪਾਰਾ ਦੋ ਤੋਂ ਤਿੰਨ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼, ਰਾਜਸਥਾਨ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ‘ਚ ਧੁੰਦ ਹੋਰ ਵਧਣ ਦੀ ਸੰਭਾਵਨਾ ਹੈ। ਇਹੀ ਹਾਲਤ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ ਵਿੱਚ ਰਹਿਣ ਵਾਲੀ ਹੈ।
ਅੱਜ ਸਵੇਰੇ ਵੀ ਦਿੱਲੀ ‘ਚ ਸੰਘਣੀ ਧੁੰਦ ਛਾਈ ਰਹੀ। ਸੀਤ ਲਹਿਰ ਵੀ ਕਹਿਰ ਮਚਾ ਰਹੀ ਹੈ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ਤੱਕ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੇਗੀ।







