ਰਾਸ਼ਟਰਪਤੀ ਮੁਰਮੂ ਦੇ ਮਾਤਾ ਨੈਣਾ ਦੇਵੀ ਮੰਦਰ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਧਾਈ ਚੌਕਸ

ਫੈਕਟ ਸਮਾਚਾਰ ਸੇਵਾ

ਸ੍ਰੀ ਆਨੰਦਪੁਰ ਸਾਹਿਬ, ਸਤੰਬਰ 30

ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 6 ਅਕਤੂਬਰ ਦੇ ਉੱਤਰ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨਿਕ ਨੇ ਤਿਆਰੀਆਂ ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੇ ਸੰਭਾਵਿਤ ਇਸ ਦੌਰੇ ਦੀ ਸ਼ੁਰੂਆਤ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗੀ। ਜਿਥੇ ਉਨ੍ਹਾਂ ਦੀ ਆਮਦ ਦੇ ਮੱਦੇਨਜ਼ਰ ਹੈਲੀਕਾਪਟਰ ਦੀ ਲੈਂਡਿੰਗ ਲਈ ਸਥਾਨਕ ਦਸਮੇਸ਼ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਅਤੇ ਪੀ. ਐਸ. ਪੀ. ਸੀ. ਐਲ ਵਿਸ਼ਰਾਮ ਘਰ ਵਿਖੇ ਹੈਲੀਪੈਡ ਤਿਆਰ ਕੀਤਾ ਜਾ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਦੇ ਦੌਰੇ ਸਬੰਧੀ ਪ੍ਰਸ਼ਾਸਨ ਵਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 6 ਅਕਤੂਬਰ ਨੂੰ ਸਵੇਰੇ ਕਰੀਬ 11 ਵਜੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਸੰਭਾਵਨਾ ਹੈ। ਸੰਭਾਵਿਤ ਪ੍ਰੋਗਰਾਮ ਤਹਿਤ ਹੈਲੀਕਾਪਟਰ ਦੀ ਲੈਂਡਿੰਗ ਲਈ ਉਕਤ ਦੋ ਥਾਵਾਂ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋੜ ਪੈਣ ’ਤੇ ਬਦਲਵੀਂ ਵਿਵਸਥਾ ਉਪਲਬਧ ਰਹੇ । ਦੱਸਿਆ ਇਹ ਜਾ ਰਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈਲੀਕਾਪਟਰ ਰਾਹੀਂ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪ੍ਰਸਿੱਧ ਧਾਰਮਿਕ ਅਸਥਾਨ ਮਾਤਾ ਸ੍ਰੀ ਨੈਣਾ ਦੇਵੀ ਮੰਦਰ ਵਿਖੇ ਵੀ ਨਤਮਸਤਕ ਹੋ ਸਕਦੇ ਹਨ। ਰਾਸ਼ਟਰਪਤੀ ਦੇ ਸੰਭਾਵਿਤ ਦੌਰੇ ਨੂੰ ਦੇਖਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ-ਨਾਲ ਨੈਣਾ ਦੇਵੀ ਖੇਤਰ ’ਚ ਵੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਸਬੰਧੀ ਤਿਆਰੀਆਂ ਕੀਤੇ ਜਾਣ ਦੀ ਜਾਣਕਾਰੀ ਹੈ।

ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਸੁਰੱਖਿਆ, ਆਵਾਜਾਈ ਅਤੇ ਰੂਟ ਵਿਵਸਥਾ ਸਮੇਤ ਵੱਖ-ਵੱਖ ਪਹਿਲੂਆਂ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਬੰਧਿਤ ਸਥਾਨਾਂ ’ਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਦਾ ਕੰਮ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਦਾ ਅਧਿਕਾਰਤ ਪ੍ਰੋਗਰਾਮ ਅਜੇ ਜਾਰੀ ਨਹੀਂ ਹੋਇਆ। ਇਸ ਲਈ ਦੌਰੇ ਸਬੰਧੀ ਅੰਤਿਮ ਸਥਿਤੀ ਅਧਿਕਾਰਤ ਪ੍ਰੋਗਰਾਮ ਜਾਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Leave a Reply

Your email address will not be published. Required fields are marked *

View in English