31 ਦਸੰਬਰ 2029 ਤੋਂ ਬਾਅਦ ਪੰਜਾਬ ‘ਚ ਨਹੀਂ ਮਿਲੇਗਾ ਚਿੱਟਾ : ਅਮਿਤ ਸ਼ਾਹ

ਫੈਕਟ ਸਮਾਚਾਰ ਸੇਵਾ

ਜਲੰਧਰ , ਸਤੰਬਰ 30

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ‘ਨਸ਼ਾ ਮੁਕਤ ਪੰਜਾਬ’ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ 31 ਦਸੰਬਰ 2029 ਤੱਕ ਮੁਕੰਮਲ ਤੌਰ ‘ਤੇ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਹੈ। ਰੈਲੀ ਦੌਰਾਨ ਵਿਸ਼ਾਲ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਅਤੇ ਕਾਂਗਰਸ ‘ਤੇ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਏ।

‘ਆਪ’ ਅਤੇ ਕਾਂਗਰਸ ‘ਤੇ ਨਿਸ਼ਾਨਾ, ਭਾਜਪਾ ਲਈ ਮੰਗਿਆ 5 ਸਾਲ ਦਾ ਮੌਕਾ
ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਤੇ ‘ਆਪ’ ਸਰਕਾਰਾਂ ਦਾ ਸ਼ਾਸਨ ਦੇਖ ਲਿਆ ਹੈ, ਹੁਣ ਇੱਕ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ 5 ਸਾਲਾਂ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਜਿਵੇਂ ਕਸ਼ਮੀਰ ‘ਚੋਂ ਅੱਤਵਾਦ, ਉੱਤਰ-ਪੂਰਬੀ ਸੂਬਿਆਂ ‘ਚ ਅਸ਼ਾਂਤੀ ਅਤੇ ਦੇਸ਼ ਵਿੱਚੋਂ ਨਕਸਲਵਾਦ ਦਾ ਖ਼ਾਤਮਾ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ‘ਚਿੱਟੇ’ ਦੇ ਕੋੜ੍ਹ ਨੂੰ ਵੀ ਜੜ੍ਹੋਂ ਉਖਾੜ ਦਿੱਤਾ ਜਾਵੇਗਾ।

ਗ੍ਰਹਿ ਮੰਤਰੀ ਨੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਹ ਵੀਰ ਭੂਮੀ ਹੈ ਜਿਸ ਨੇ ਮੁਗਲਾਂ ਦੇ ਜ਼ੁਲਮਾਂ ਤੋਂ ਲੈ ਕੇ ਅੱਜ ਤੱਕ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਪਰਿਵਾਰ ਦਾ ਬਲੀਦਾਨ ਦੇ ਕੇ ਦੇਸ਼ ਅਤੇ ਧਰਮ ਦੀ ਰੱਖਿਆ ਕੀਤੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬੇਹੱਦ ਬਦਹਾਲ ਹੋ ਚੁੱਕੀ ਹੈ ਅਤੇ ਸੂਬੇ ‘ਚ ਭ੍ਰਿਸ਼ਟਾਚਾਰ ਦੇ ਕਈ ਘੋਟਾਲੇ ਸਾਹਮਣੇ ਆਏ ਹਨ।

ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ PIT-NDPS ਕਾਨੂੰਨ ਤਹਿਤ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਂਦੀ ਹੈ। ਦੇਸ਼ ਭਰ ਵਿੱਚ ਇਸ ਕਾਨੂੰਨ ਤਹਿਤ 5,000 ਤੋਂ ਵੱਧ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ, ਪਰ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਵਿਰੁੱਧ ਇਸ ਕਾਨੂੰਨ ਤਹਿਤ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਐਨਸੀਬੀ (NCB) ਦੇ ਆਨਲਾਈਨ ਨੈੱਟਵਰਕ ਰਾਹੀਂ ਨਸ਼ਾ ਤਸਕਰਾਂ ‘ਤੇ ਨਕੇਲ ਕੱਸੇਗੀ।

Leave a Reply

Your email address will not be published. Required fields are marked *

View in English