ਸ਼ਰਾਬ ਦੀ ਲੁੱਟ : ਬੇਕਾਬੂ ਹੋ ਕੇ ਪਲਟਿਆ ਟਰੱਕ, ਬੋਤਲਾਂ ਚੁੱਕਣ ਲਈ ਲੋਕਾਂ ‘ਚ ਮਚੀ ਹੋੜ

ਫੈਕਟ ਸਮਾਚਾਰ ਸੇਵਾ

ਦਰਭੰਗਾ , ਸਤੰਬਰ 18

ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਬਹੇੜੀ ਥਾਣਾ ਖੇਤਰ ਅਧੀਨ ਪੈਂਦੀ ਬਘੌਲ-ਅਟਹਰ ਮੁੱਖ ਸੜਕ ‘ਤੇ ਪਰਵਾਹਾ ਬੰਨ੍ਹ ਨੇੜੇ ਸ਼ਰਾਬ ਨਾਲ ਲੱਦਿਆ ਇੱਕ ਹਰਿਆਣਾ ਨੰਬਰ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਚਾਲਕ ਅਤੇ ਸ਼ਰਾਬ ਮਾਫ਼ੀਆ ਮੌਕੇ ਤੋਂ ਫ਼ਰਾਰ ਹੋ ਗਏ। ਜਿਵੇਂ ਹੀ ਸਥਾਨਕ ਲੋਕਾਂ ਨੂੰ ਟਰੱਕ ’ਚ ਸ਼ਰਾਬ ਹੋਣ ਦੀ ਭਣਕ ਲੱਗੀ, ਘਟਨਾ ਸਥਾਨ ‘ਤੇ ਭਾਰੀ ਭੀੜ ਇਕੱਠੀ ਹੋ ਗਈ।

ਦੇਖਦੇ ਹੀ ਦੇਖਦੇ ਲੋਕਾਂ ਵਿਚਾਲੇ ਟਰੱਕ ‘ਚੋਂ ਸ਼ਰਾਬ ਦੀਆਂ ਬੋਤਲਾਂ ਕੱਢਣ ਦੀ ਹੋੜ ਮਚ ਗਈ। ਕਈ ਲੋਕ ਬੇਧੜਕ ਬੋਤਲਾਂ ਚੁੱਕ ਕੇ ਭੱਜਦੇ ਹੋਏ ਨਜ਼ਰ ਆਏ। ਇਸੇ ਦੌਰਾਨ ਕਿਸੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਭੜਥੂ ਪੈ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਸਵੇਰੇ ਬੰਨ੍ਹ ਵੱਲ ਗਏ ਲੋਕਾਂ ਨੇ ਸਭ ਤੋਂ ਪਹਿਲਾਂ ਪਲਟੇ ਹੋਏ ਟਰੱਕ ਨੂੰ ਦੇਖਿਆ ਸੀ। ਇਸ ਤੋਂ ਬਾਅਦ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਸਨ।

ਸੂਚਨਾ ਮਿਲਦਿਆਂ ਹੀ ਪੁਲਿਸ ਸਵੇਰੇ ਲਗਪਗ 6:30 ਵਜੇ ਘਟਨਾ ਸਥਾਨ ‘ਤੇ ਪਹੁੰਚੀ ਅਤੇ ਉੱਥੇ ਮੌਜੂਦ ਭੀੜ ਨੂੰ ਖਦੇੜਿਆ। ਇਸ ਤੋਂ ਬਾਅਦ ਪੁਲਿਸ ਨੇ ਹਾਦਸਾਗ੍ਰਸਤ ਟਰੱਕ ਅਤੇ ਉਸ ਵਿੱਚ ਬਚੀ ਹੋਈ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲਿਆ। ਫ਼ਿਲਹਾਲ ਪੁਲਿਸ ਟਰੱਕ ਚਾਲਕ ਅਤੇ ਸ਼ਰਾਬ ਤਸਕਰੀ ਨਾਲ ਜੁੜੇ ਨੈੱਟਵਰਕ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਸ਼ਰਾਬ ਦੀ ਇਹ ਵੱਡੀ ਖੇਪ ਕਿੱਥੋਂ ਲਿਆਂਦੀ ਜਾ ਰਹੀ ਸੀ ਅਤੇ ਇਸਨੂੰ ਕਿੱਥੇ ਪਹੁੰਚਾਇਆ ਜਾਣਾ ਸੀ।
ਥਾਣਾ ਮੁੱਖੀ ਸੂਰਜ ਕੁਮਾਰ ਗੁਪਤਾ ਨੇ ਦੱਸਿਆ ਕਿ ਵਾਇਰਲ ਵੀਡੀਓ ਅਤੇ ਫ਼ੋਟੋਆਂ ਦੀ ਮਦਦ ਨਾਲ ਸ਼ਰਾਬ ਲੁੱਟਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਰਾਬ ਲੈ ਕੇ ਜਾਣ ਵਾਲੇ ਸਾਰੇ ਲੋਕਾਂ ਨੂੰ ਬੋਤਲਾਂ ਵਾਪਸ ਮੋੜਨ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

View in English