ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ

ਫੈਕਟ ਸਮਾਚਾਰ ਸੇਵਾ

ਰੂਪਨਗਰ, ਜੁਲਾਈ 11

ਜ਼ਿਲ੍ਹੇ ਅੰਦਰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਮੁਲਾਂਕਣ ਕਰਨ ਹਿੱਤ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੰਤਵ ਤਹਿਤ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਸਿਵਲ ਸਰਜਨ ਰੂਪਨਗਰ ਨੂੰ ਸਾਫ-ਸਫਾਈ, ਮੁਰੰਮਤ ਦਾ ਹੋਣ ਵਾਲਾ ਕੰਮ ਅਤੇ ਐਮਰਜੈਂਸੀ ਸੇਵਾਵਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਹਦਾਇਤ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਫਰਟੀਲਾਈਜ਼ਰ ਲਿਮਿਟਿਡ ਨੰਗਲ ਵੱਲੋਂ ਸੀ.ਐਸ.ਆਰ ਅਧੀਨ ਐਫਰੇਸਿਸ ਮਸ਼ੀਨ ਭੇਂਟ ਕੀਤੀ ਗਈ ਹੈ, ਜਿਸ ਦੀ ਕੀਮਤ ਤਕਰੀਬਨ 32 ਲੱਖ ਰੁਪਏ ਹੈ ਅਤੇ ਇਸਨੂੰ ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੇ ਲਈ ਬਲੱਡ ਬੈਂਕ ਵਿਖੇ ਇੱਕ ਅਲੱਗ ਕਮਰਾ ਲੋੜੀਂਦਾ ਸੀ, ਜੋ ਕਿ ਬਣਨਾ ਸ਼ੁਰੂ ਹੋ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਅਫੇਰੇਸਿਸ ਮਸ਼ੀਨ ਖੂਨ ਦੀ ਸੰਘਣਤਾ, ਪਲੇਟਲੇਟ, ਪਲਾਜ਼ਮਾ ਜਾਂ ਹੋਰ ਖਾਸ ਤੱਤਾਂ ਨੂੰ ਅਲੱਗ ਕਰਨ ਲਈ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਫੇਰੇਸਿਸ ਮਸ਼ੀਨ ਨੂੰ ਖੂਨ ਦੇ ਰੋਗਾਂ, ਜਿਵੇਂ ਕਿ ਲੇਕੀਮੀਆ, ਐਨਮੀਆ ਅਤੇ ਡੇਂਗੂ ਰੋਗਾਂ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿੱਚ ਇਹ ਮਸ਼ੀਨ ਸਥਾਪਿਤ ਹੋਣ ਉਪਰੰਤ ਕਈ ਤਰ੍ਹਾਂ ਦੇ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮਸ਼ੀਨ ਦੇ ਲਾਇਸੰਸ, ਇੰਸਟਾਲੇਸ਼ਨ ਅਤੇ ਸਬੰਧਤ ਸਟਾਫ ਦੀ ਟ੍ਰੇਨਿੰਗ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਮਸ਼ੀਨ ਨੂੰ ਲੋਕ ਹਿੱਤ ਵਿੱਚ ਵਰਤੋਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਇਸ ਦੌਰੇ ਦੌਰਾਨ ਬਲੱਡ ਬੈਂਕ, ਐਮਰਜੈਂਸੀ ਵਿਭਾਗ, ਨਸ਼ਾ ਛੁਡਾਊ ਕੇਂਦਰ ਅਤੇ ਜੱਚਾ ਬੱਚਾ ਵਿਭਾਗ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕਰਕੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ।

ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਦਿਆਂ ਪੀੜ੍ਹਤ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਮ ਜ਼ਿੰਦਗੀ ਵਿਚ ਵਾਪਿਸ ਲਿਆਉਣ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਪਿਛਲੇ ਦੌਰੇ ਦੌਰਾਨ “ਸੀਐਮ ਦੀ ਯੋਗਸ਼ਾਲਾ” ਤਹਿਤ ਮਰੀਜ਼ਾਂ ਨੂੰ ਯੋਗਾ ਦੀਆਂ ਕਲਾਸਾਂ ਲਗਾਉਣ ਦੀ ਦਿੱਤੀ ਗਈ ਹਦਾਇਤ ਦਾ ਵੀ ਨਿਰੀਖਣ ਕੀਤਾ।

ਉਨ੍ਹਾਂ ਦੇ ਆਪਣੇ ਇਸ ਰੋਪੜ ਦੌਰੇ ਦੌਰਾਨ ਉਨ੍ਹਾਂ ਕਟਲੀ ਰੋਡ ਰੋਪੜ ਤੇ ਸਥਿਤ ਨਸ਼ਾ ਛੁਡਾਊ ਕੇਂਦਰ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਜਲਦ ਇਸਦਾ ਕੋਈ ਢੁੱਕਵਾਂ ਹੱਲ ਕਰਨ ਲਈ ਭਰੋਸਾ ਵੀ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਕੁਮਾਰ, ਐਸ.ਡੀ.ਐਮ. ਰੂਪਨਗਰ ਨਵਦੀਪ ਕੁਮਾਰ, ਸਿਵਲ ਸਰਜਨ ਡਾ.ਮਨੂ ਵਿੱਜ, ਐਸ.ਪੀ. ਰਾਜਪਾਲ ਸਿੰਘ ਹੁੰਦਲ, ਡਿਪਟੀ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਡੀ.ਐੱਸ.ਪੀ ਹਰਪਿੰਦਰ ਗਿੱਲ, ਤਹਿਸੀਲਦਾਰ ਕੁਲਦੀਪ ਸਿੰਘ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ।

Leave a Reply

Your email address will not be published. Required fields are marked *

View in English