ਫੈਕਟ ਸਮਾਚਾਰ ਸੇਵਾ
ਮਕਾਸਰ, ਜੂਨ 9
ਇੰਡੋਨੇਸ਼ੀਆ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੂੰ ਅਜਗਰ ਨੇ ਨਿਗਲ ਲਿਆ। ਬਾਅਦ ‘ਚ ਪਿੰਡ ਵਾਸੀਆਂ ਨੇ ਅਜਗਰ ਦਾ ਪੇਟ ਕੱਟ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਦੱਖਣੀ ਸੁਲਾਵੇਸੀ ਸੂਬੇ ਦੇ ਕਾਲੇਮਪਾਂਗ ਪਿੰਡ ਦੀ ਮੁਖੀ ਸੁਆਰਡੀ ਰੋਜ਼ੀ ਨੇ ਕਿਹਾ ਕਿ 4 ਬੱਚਿਆਂ ਦੀ ਮਾਂ ਫਰੀਦਾ ਵੀਰਵਾਰ ਰਾਤ ਨੂੰ ਲਾਪਤਾ ਹੋ ਗਈ ਸੀ ਅਤੇ ਘਰ ਵਾਪਸ ਨਹੀਂ ਆਈ। ਬਾਅਦ ਵਿੱਚ ਉਸਦੇ ਪਤੀ ਅਤੇ ਪਿੰਡ ਦੇ ਲੋਕਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਔਰਤ ਦੇ ਪਤੀ ਨੂੰ ਉਸ ਦਾ ਕੁਝ ਸਮਾਨ ਮਿਲਿਆ, ਜਿਸ ਕਾਰਨ ਉਸ ਨੂੰ ਕਿਸੇ ਅਣਸੁਖਾਵੀਂ ਚੀਜ਼ ਦਾ ਸ਼ੱਕ ਹੋਇਆ।
ਜਦੋਂ ਪਿੰਡ ਵਾਸੀਆਂ ਨੇ ਇਲਾਕੇ ਦੀ ਖੋਜ ਸ਼ੁਰੂ ਕੀਤੀ ਤਾਂ 16 ਫੁੱਟ ਲੰਬਾ ਅਜਗਰ ਦੇਖਿਆ, ਜਿਸ ਦਾ ਪੇਟ ਫੁੱਲਿਆ ਹੋਇਆ ਸੀ। ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਪਿੰਡ ਵਾਸੀ ਅਜਗਰ ਦਾ ਪੇਟ ਕੱਟਣ ਲਈ ਰਾਜ਼ੀ ਹੋ ਗਏ। ਜਿਵੇਂ ਹੀ ਉਨ੍ਹਾਂ ਨੇ ਪੇਟ ਕੱਟਣਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ 45 ਸਾਲ ਦੀ ਫਰੀਦਾ ਦਾ ਸਿਰ ਦੇਖਿਆ। ਇਸ ਤੋਂ ਬਾਅਦ ਫਰੀਦਾ ਨੂੰ ਅਜਗਰ ਦੇ ਪੇਟ ਅੰਦਰ ਪੂਰੇ ਕਪੜਿਆ ‘ਚ ਪਾਇਆ ਗਿਆ।
ਅਜਗਰ ਦੇ ਮਨੁੱਖਾਂ ਨੂੰ ਨਿਗਲਣ ਦੀਆਂ ਘਟਨਾਵਾਂ ਬਹੁਤ ਘੱਟ ਮੰਨੀਆਂ ਜਾਂਦੀਆਂ ਹਨ, ਪਰ ਇੰਡੋਨੇਸ਼ੀਆ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਇਸ ਤਰ੍ਹਾਂ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਦੱਖਣ-ਪੂਰਬੀ ਸੁਲਾਵੇਸੀ ਦੇ ਤਿਨੰਗਗੀਆ ਜ਼ਿਲ੍ਹੇ ਦੇ ਵਸਨੀਕਾਂ ਨੇ ਪਿੰਡ ਵਿੱਚ ਇੱਕ ਅੱਠ ਮੀਟਰ ਲੰਬੇ ਅਜਗਰ ਨੂੰ ਮਾਰ ਦਿੱਤਾ ਸੀ ਕਿਉਂਕਿ ਉਸਨੇ ਪਿੰਡ ਦੇ ਇੱਕ ਕਿਸਾਨ ਨੂੰ ਮਾਰ ਕੇ ਨਿਗਲ ਲਿਆ ਸੀ। 2018 ਵਿੱਚ ਦੱਖਣ-ਪੂਰਬੀ ਸੁਲਾਵੇਸੀ ਦੇ ਮੁਨਾ ਸ਼ਹਿਰ ਵਿੱਚ ਇੱਕ 54 ਸਾਲਾ ਔਰਤ ਨੂੰ ਅਜਗਰ ਦਾ ਸ਼ਿਕਾਰ ਬਣਾਇਆ ਗਿਆ ਸੀ। ਔਰਤ ਦੀ ਲਾਸ਼ ਸੱਤ ਮੀਟਰ ਲੰਬੇ ਅਜਗਰ ਦੇ ਪੇਟ ਅੰਦਰੋਂ ਮਿਲੀ।







