ਫੈਕਟ ਸਮਾਚਾਰ ਸੇਵਾ
ਮੁੰਬਈ, ਫਰਵਰੀ 14
ਅਦਾਕਾਰਾ ਪੂਨਮ ਪਾਂਡੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਦਰਅਸਲ ਪੂਨਮ ਨੇ ਖੁਦ ਆਪਣੀ ਮੌਤ ਦੀ ਝੂਠੀ ਖ਼ਬਰ ਫੈਲਾਈ ਸੀ। ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਦੀ ਟੀਮ ਨੇ ਇੱਕ ਪੋਸਟ ਰਾਹੀਂ ਲੋਕਾਂ ਨੂੰ ਦੱਸਿਆ ਸੀ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਹਾਲਾਂਕਿ, ਅਗਲੇ ਹੀ ਦਿਨ ਉਹ ਅਚਾਨਕ ਜ਼ਿੰਦਾ ਹੋ ਗਈ। ਜਿਸ ਤੋਂ ਬਾਅਦ ਲੋਕ ਕਾਫੀ ਗੁੱਸੇ ’ਚ ਆ ਗਏ।
ਪੂਨਮ ਪਾਂਡੇ ਨੇ ਇੱਕ ਪੋਸਟ ਰਾਹੀਂ ਖ਼ੁਦ ਇੱਕ ਵੀਡੀਓ ਰਾਹੀਂ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਸਰਵਾਈਕਲ ਕੈਂਸਰ ਨਾਲ ਨਹੀਂ ਮਰੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਸਭ ਕੁਝ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ ਪਰ ਹੁਣ ਆਪਣੀ ਹੀ ਮੌਤ ਦੀ ਖੇਡ ਪੂਨਮ ਪਾਂਡੇ ’ਤੇ ਭਾਰੂ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਕਈ ਵਾਰ ਦੀ ਤਰ੍ਹਾਂ ਇਹ ਵੀ ਪੂਨਮ ਦਾ ਪਬਲੀਸਿਟੀ ਸਟੰਟ ਨਿਕਲਿਆ। ਹੁਣ ਇਸ ਮਾਮਲੇ ’ਚ ਪੂਨਮ ਪਾਂਡੇ ਅਤੇ ਉਨ੍ਹਾਂ ਦੇ ਪਤੀ ਸੈਮ ਬੰਬੇ ’ਤੇ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ।







