ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਆਪਣਾ ਫਰਜ਼ ਨਿਭਾਇਆ ਜਾ ਰਿਹਾ : ਹਰਜੋਸ ਬੈਂਸ

ਫੈਕਟ ਸਮਾਚਾਰ ਸੇਵਾ

ਰੂਪਨਗਰ, ਦਸੰਬਰ 7

ਪੰਜਾਬ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਰੂਪਨਗਰ ਪੁਲਿਸ ਵਲੋਂ ਅੱਜ ਹਾਕਸ ਕਲੱਬ ਵਿਖੇ ਲੜਕੇ ਅਤੇ ਲੜਕੀਆਂ ਦੇ ਹਾਕੀ ਦੇ ਮੈਚ ਕਰਵਾਏ ਗਏ ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪੇਰਿਤ ਕਰਕੇ ਨਸ਼ਿਆਂ ਤੋਂ ਬਚਾਉਣਾ ਹੈ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਧੀਨ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਖਾਤਮੇ ਲਈ ਸਖਤੀ ਨਾਲ ਆਪਣੇ ਫਰਜ ਨੂੰ ਨਿਭਾਇਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਵਿਆਪਕ ਪੱਧਰ ਉਤੇ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੋੜ ਕੇ ਖਿਡਾਰੀਆਂ ਦਾ ਇਨਾਮੀ ਰਾਸ਼ੀ ਨਾਲ ਸਨਮਾਨ ਕਰ ਰਹੀ ਹੈ ਉੱਥੇ ਹੀ ਖਿਡਾਰੀਆਂ ਸਮੇਤ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਕੇ ਸਮਰੱਥ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਮੁੱਖ ਮੰਤਰੀ ਪੰਜਾਬ ਨੇ ਅਹਿਦ ਲਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਮੁੜ ਬਸੰਤੀ ਰੰਗ ਵਿਚ ਰੰਗਣਾ ਹੈ। ਪੰਜਾਬ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਸਮਾਜ ਤੋਂ ਅਲੱਗ ਹੋਏ ਨਸ਼ਾ ਪੀੜਤਾਂ ਨੂੰ ਪ੍ਰੇਰਿਤ ਕਰਕੇ ਮੁੜ ਮੁੱਖ ਧਾਰਨਾ ਨਾਲ ਜੋੜਨਾ ਸਾਡੀ ਪਹਿਲੀ ਤਵੱਜੋਂ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਆਯੋਜਿਤ ਕੀਤੇ ਗਏ ਇਨ੍ਹਾਂ ਹਾਕੀ ਮੈਚਾਂ ਦਾ ਮਕਸਦ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ ਹੈ, ਜਿੱਥੇ ਸਾਡੇ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਪੱਖੋਂ ਮਜ਼ਬੂਤ ਹੋਣਗੇ ਅਤੇ ਨਾਲ ਹੀ ਨਸ਼ਿਆਂ ਤੋਂ ਵੀ ਬਚਣਗੇ। ਇਸੇ ਟੀਚੇ ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਹਰ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀਆਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਇਸ ਮੌਕੇ ਸਿੱਖਿਆ ਮੰਤਰੀ ਨੇ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਅਤੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਪ੍ਰਣ ਦਿਵਾਇਆ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਦੋਸ਼ੀ ਨਹੀਂ ਬਲਕਿ ਬਿਮਾਰ ਹੁੰਦਾ ਹੈ, ਜਿਸ ਦਾ ਇਲਾਜ਼ ਕਰਵਾ ਕੇ ਉਸ ਨੂੰ ਨਸ਼ੇ ਤੋਂ ਰਹਿਤ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਨਸ਼ੇ ਤੋਂ ਪੀੜਤ ਵਿਅਕਤੀ ਦਾ ਸਰਕਾਰ ਵੱਲੋਂ ਖੋਲ੍ਹੇ ਨਸ਼ਾ ਛਡਾਓ ਕੇਂਦਰਾਂ ਅਤੇ ਓਟ ਸੈਂਟਰਾਂ ਵਿਚ ਇਲਾਜ਼ ਕਰਵਾਇਆ ਜਾ ਸਕਦਾ ਹੈ ਜਿੱਥੇ ਲੋੜੀਂਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਾਨੂੰ ਸਭ ਨੂੰ ਇਕੱਠੇ ਹੋ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਇਸ ਮੌਕੇ ਏ.ਡੀ.ਜੀ.ਪੀ. ਜਸਕਰਨ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਿਆਂ ਤੋਂ ਦੂਰ ਰਹਿਣ ਲਈ ਸਮੇਂ ਸਮੇਂ ’ਤੇ ਜਾਗਰੂਕਤਾ ਗਤੀਵਿਧੀਆਂ ਵੀ ਉਲੀਕੀਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਸਾਡੇ ਆਲੇ ਦੁਆਲੇ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਵੇ ਤਾਂ ਉਸ ਦੇ ਇਲਾਜ਼ ਅਤੇ ਕਾਊਂਸਲਿੰਗ ਲਈ ਪਹਿਲਕਦਮੀ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ।

ਐਸ.ਐਸ.ਪੀ ਗੁਲਣੀਤ ਸਿੰਘ ਖੁਰਾਣਾ ਨੇ ਕਿਹਾ ਕਿ ਜਿੱਥੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਨਸ਼ਾਂ ਪੀੜਤਾਂ ਨੂੰ ਇਲਾਜ ਕਰਵਾਉਣ ਲਈ ਪ੍ਰਰਿਤ ਕਰਨ ਦੀ ਜ਼ਿੰਮੇਵਾਰੀ ਵੀ ਸਾਡੀ ਸਾਂਝੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਮਾਗਮ ਵਿਚ ਕੌਮਾਂਤਰੀ ਪੱਧਰ ਦੇ ਵਿਸ਼ਵ ਪ੍ਰਸਿਧ ਖਿਡਾਰੀਂ ਨੂੰ ਬਲਾਉਣ ਦਾ ਟੀਚਾ ਵੀ ਇਹੀ ਹੈ ਕਿ ਵਿਦਿਆਰਥੀ ਅਤੇ ਖਿਡਾਰੀਆਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕੀਤਾ ਜਾ ਸਕੇ।

ਹਾਕੀ ਦੇ ਮੈਚ ਦੌਰਾਨ ਅਰਜੁਨ ਅਵਾਰਡੀ, ਭਾਰਤ ਦੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਮੌਜੂਦਾ ਐਸ.ਪੀ ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ ਵਲੋਂ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਦਿਲਸਚਪ ਤਜਰਬੇ ਵੀ ਸਾਂਝੇ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਗਈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉੱਚ ਅਧਿਕਾਰੀਆਂ ਵਲੋਂ ਹਾਕਸ ਕਲੱਬ ਦੇ ਫਾਊਂਡਰ ਐਸ.ਐਸ.ਸੈਣੀ ਸਮੇਤ ਅਥਲੈਟਿਕਸ ਖੇਡ ਦੇ ਓਲੰਪੀਅਨ ਰਣਜੀਤ ਸਿੰਘ, ਹਾਕੀ ਦੇ ਖਿਡਾਰੀ ਓਲੰਪੀਅਨ ਧਰਮਵੀਰ ਸਿੰਘ, ਹਾਕੀ ਦੇ ਖਿਡਾਰੀ ਗੁਰਿੰਦਰ ਸਿੰਘ, ਕੈਕਿੰਗ ਕੈਨੋਇੰਗ ਦੇ ਯੁਗਰਾਜ ਸਿੰਘ ਤੇ ਖਿਡਾਰਨ ਨਵਪ੍ਰੀਤ ਕੌਰ, ਸ਼ੂਟਿੰਗ ਦੀ ਖਿਡਾਰਨ ਜੈਸਮੀਨ ਕੌਰ ਤੇ ਖੁਸ਼ੀ ਸੈਣੀ ਦਾ ਖਾਸ ਸਨਮਾਣ ਕੀਤਾ ਗਿਆ।

ਇਸ ਮੌਕੇ ਐਮ.ਐਲ.ਏ. ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ, ਐਮ.ਐਲ.ਏ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਹਰਬੰਸ ਸਿੰਘ, ਐਸ.ਪੀ. ਤਰੁਣ ਰਤਨ, ਡੀ.ਐਸ.ਪੀ ਤ੍ਰਿਲੋਚਨ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ, ਡੀ.ਐਸ.ਪੀ ਗੁਰਮੀਤ ਸਿੰਘ, ਡੀ.ਐਸ.ਪੀ. ਅਜੈ ਕੁਮਾਰ, ਡੀ.ਐਸ.ਪੀ ਸਤੀਸ਼ ਕੁਮਾਰ, ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਖਿਡਾਰੀ ਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

View in English