ਪੰਜਾਬ ’ਚ ਹੁਣ ਯੂਕੇਜੀ ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਮਿੱਡ-ਡੇ ਮੀਲ

ਫੈਕਟ ਸਮਾਚਾਰ ਸੇਵਾ

ਮੁਹਾਲੀ , ਅਗਸਤ 31

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੋਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੀ ਯੂਕੇਜੀ (ਪਹਿਲੀ ਜਮਾਤ ਤੋਂ ਪਹਿਲਾਂ) ਜਮਾਤ ਨੂੰ ਵੀ ਮਿੱਡ-ਡੇ ਮੀਲ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਕੰਮ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਵੇਗਾ, ਜਿਸ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਭੋਜਨ ਪ੍ਰਾਪਤ ਕਰਨਗੇ।

ਇਸ ਸਬੰਧੀ ਮਿੱਡ -ਡੇ ਮੀਲ ਸੁਸਾਇਟੀ ਨੇ 7 ਨੁਕਾਤੀ ਹੁਕਮਾਂ ਨਾਲ ਪੱਤਰ ਵੀ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਬਾਲ ਵਾਟਿਕਾ ਦੇ ਪ੍ਰਤੀ ਵਿਦਿਆਰਥੀ ਨੂੰ ਦਿਨ ’ਚ 100 ਗ੍ਰਾਮ ਭੋਜਨ ਮੁਹੱਈਆ ਹੋਵੇਗਾ। ਪ੍ਰਧਾਨ ਮੰਤਰੀ ਪੀਐੱਮ ਪੋਸ਼ਣ ਸਕੀਮ ਤਹਿਤ ਮਿਲਣ ਵਾਲੇ ਦੁਪਹਿਰ ਦੇ ਖਾਣੇ ਦੀ ਪ੍ਰਤੀ ਵਿਦਿਆਰਥੀ ਕੀਮਤ 5 ਰੁਪਏ 45 ਪੈਸੇ ਤੈਅ ਕੀਤੀ ਗਈ ਹੈ।

ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਤੋਂ ਬਾਅਦ ਭੋਜਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਜਾਵੇਗੀ। ਇਸ ਲਈ ਵਿਭਾਗ ਦੇ ਅਧਿਕਾਰੀਆਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਦੇ ਹਿਸਾਬ ਨਾਲ ਵਾਧੂ ਕੁੱਕ ਕਮ ਹੈਲਪਰ ਭਰਤੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਇਹ ਵੀ ਕਿਹਾ ਗਿਆ ਹੈ ਕਿ ਯੂਕੇਜੀ ਦੇ ਵਿਦਿਆਰਥੀਆਂ ਦੀ ਗਿਣਤੀ ਅਤੇ ਪ੍ਰਤੀ ਵਿਦਿਆਰਥੀ ਆਉਣ ਵਾਲੇ ਖ਼ਰਚ ਦੇ ਵੇਰਵੇ ਸਟਾਕ ਰਜਿਸਟਰ ’ਤੇ ਦਰਜ ਕੀਤੇ ਜਾਣ। ਇਸ ਦੇ ਖ਼ਰਚ ਦੀ ਪ੍ਰਾਇਮਰੀ ਵਾਂਗ ਹੀ ਵੱਖਰੀ ਰਿਪੋਰਟ ਭੇਜਣ ਅਤੇ ਈ -ਪੰਜਾਬ ਪੋਰਟਲ ’ਤੇ ਰੋਜ਼ਾਨਾ ਵੇਰਵੇ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English