ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਸਤੰਬਰ 22
ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਲੋਂ ਰਾਜ ਭਵਨ ਚੰਡੀਗੜ੍ਹ ਤੱਕ ਸ਼ਾਂਤੀ ਮਾਰਚ ਸ਼ੁਰੂ ਕੀਤਾ ਗਿਆ ਹੈ। ਇਹ ਸ਼ਾਂਤੀ ਮਾਰਚ ਬੀਤੇ ਦਿਨ ਰਾਜਪਾਲ ਪੰਜਾਬ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਰੱਦ ਕਰਨ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।
‘ਆਪ’ ਦੇ 92 ਵਿਧਾਇਕਾਂ ਵਲੋਂ ਵਿਧਾਨ ਸਭਾ ਤੋਂ ਸ਼ਾਂਤੀ ਮਾਰਚ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਹੱਥਾਂ ‘ਚ ਤਖ਼ਤੀਆਂ ਲੈ ਕੇ ਰਾਜ ਭਵਨ ਵੱਲ ਨਿਕਲੇ ਤਾਂ ਵਿਧਾਨ ਸਭਾ ਦੇ ਚੌਕ ਦੇ ਕੋਲ ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੋਲ ਹੀ ਰੋਕ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹੱਥਾਂ ‘ਚ ‘ਪੈਸਾ ਤੰਤਰ ਮੁਰਦਾਬਾਦ’, ‘ਲੋਕਤੰਤਰ ਦੀ ਹੱਤਿਆ ਬੰਦ ਕਰੋ’, ‘ਆਪ੍ਰੇਸ਼ਨ ਲੋਟਸ ਮੁਰਦਾਬਾਦ’ ਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਹਨ।







