ਫੈਕਟ ਸਮਾਚਾਰ ਸੇਵਾ
ਰੁਦਰਪੁਰ , ਮਾਰਚ 27
ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੇ ਉਤਰਾਖੰਡ ਦੇ ਰਸਤੇ ਤੋਂ ਨੇਪਾਲ ਭੱਜਣ ਦਾ ਖ਼ਦਸ਼ਾ ਹੈ। ਇਸ ਲਈ ਪੁਲਿਸ ਨੇ ਦੋਵਾਂ ਸੂਬਿਆਂ ਦੀ ਸਰਹੱਦ ’ਤੇ ਚੈਕਿੰਗ ਵਧਾ ਦਿੱਤੀ ਹੈ। ਨੇਪਾਲ ਦੇ ਨਾਲ-ਨਾਲ ਪੁਲਿਸ ਊਧਮ ਸਿੰਘ ਨਗਰ ਤੋਂ ਉੱਤਰ ਪ੍ਰਦੇਸ਼ ਜਾਣ ਵਾਲੇ 58 ਚੋਰ ਰਸਤਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਅੰਮ੍ਰਿਤਪਾਲ ਦਾ ਟਿਕਾਣਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਇਹਤਿਆਤ ਵਜੋਂ ਇਹ ਕਦਮ ਚੁੱਕਿਆ ਹੈ।
ਪੰਜਾਬ ’ਚ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਨੇਪਾਲ ਪਹੁੰਚ ਕੇ ਵਿਦੇਸ਼ ਭੱਜਣ ਦੀ ਸੰਭਾਵਨਾ ਹੈ। ਉਦੋਂ ਤੋਂ ਉੱਤਰ ਪ੍ਰਦੇਸ਼ ਨਾਲ ਲੱਗਦੇ ਬਿਜਨੌਰ, ਮੁਰਾਦਾਬਾਦ, ਬਰੇਲੀ, ਰਾਮਪੁਰ ਅਤੇ ਪੀਲੀਭੀਤ ਦੇ ਨਾਲ-ਨਾਲ ਨੇਪਾਲ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਤੇ ਉਸਦੇ ਚਾਰ ਸਾਥੀਆਂ ਦੇ ਪੋਸਟਰ ਜਨਤਕ ਥਾਵਾਂ ’ਤੇ ਚਿਪਕਾਏ ਗਏ ਹਨ। ਫਰਾਰ ਹੋਏ ਅੰਮ੍ਰਿਤਪਾਲ ਦੇ ਟਿਕਾਣੇ ਲਖੀਮਪੁਰ ਖੇੜੀ ਦਾ ਸੁਰਾਗ ਮਿਲਣ ਦੀ ਸੂਚਨਾ ਤੋਂ ਬਾਅਦ ਵਾਹਨਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ ’ਤੇ ਵੀ ਨਜ਼ਰ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਨੂੰ ਜਾਣ ਵਾਲੀਆਂ ਛੋਟੀਆਂ ਸੜਕਾਂ ’ਤੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਜ਼ਿਲ੍ਹੇ ਵਿੱਚ ਦਾਖਲ ਨਾ ਹੋ ਸਕਣ।







