ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 20
ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਵਿੱਚ ਕਮੀ ਆਈ ਹੈ ਅਤੇ ਅਗਲੇ ਪੰਜ ਦਿਨਾਂ ਵਿੱਚ ਹੋਰ ਸ਼ੀਤ ਲਹਿਰ ਦੀ ਸੰਭਾਵਨਾ ਨਹੀਂ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਦੱਖਣੀ ਹਰਿਆਣਾ, ਪੂਰਬੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸੇ ਸੀਤ ਲਹਿਰ ਦੀ ਲਪੇਟ ਵਿੱਚ ਰਹੇ। ਦੂਜੇ ਪਾਸੇ ਰੇਲਵੇ ਨੇ ਦੱਸਿਆ ਕਿ ਅੱਜ ਵੀ ਧੁੰਦ ਕਾਰਨ ਉੱਤਰੀ ਰੇਲਵੇ ਦੀਆਂ 16 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਦੂਜੇ ਪਾਸੇ ਮੱਧ ਪ੍ਰਦੇਸ਼, ਹਰਿਆਣਾ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਰਾਜਧਾਨੀ ‘ਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਇੱਕ ਹੋਰ ਸਰਗਰਮ ਪੱਛਮੀ ਗੜਬੜ 20 ਜਨਵਰੀ ਦੀ ਰਾਤ ਤੋਂ 26 ਜਨਵਰੀ ਤੱਕ ਪੱਛਮੀ ਹਿਮਾਲੀਅਨ ਖੇਤਰ ਅਤੇ 23 ਜਨਵਰੀ ਤੋਂ 25 ਜਨਵਰੀ ਤੱਕ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਬਹੁਤ ਸੰਭਾਵਨਾ ਹੈ। ਇਸ ਦੇ ਪ੍ਰਭਾਵ ਹੇਠ 20 ਤੋਂ 22 ਜਨਵਰੀ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲੇ ਲਾਹੌਲ-ਸਪੀਤੀ ਅਤੇ ਸੈਰ-ਸਪਾਟਾ ਸ਼ਹਿਰ ਮਨਾਲੀ ‘ਚ ਮੌਸਮ ਫਿਰ ਬਦਲ ਗਿਆ ਹੈ। ਰੋਹਤਾਂਗ ਦੱਰਾ, ਬਰਾਲਾਚਾ, ਸ਼ਿੰਕੁਲਾ ਦੱਰਾ ਅਤੇ ਕੁੰਜਮ ਦੱਰੇ ‘ਚ ਬੀਤੇ ਦਿਨ 10 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਹੈ। ਅਟਲ ਸੁਰੰਗ ਰੋਹਤਾਂਗ ਵਿੱਚ ਵੀ ਲਗਭਗ ਇੰਨੀ ਹੀ ਬਰਫਬਾਰੀ ਹੋਈ ਹੈ। ਖ਼ਰਾਬ ਮੌਸਮ ਕਾਰਨ ਲਾਹੌਲ ਪ੍ਰਸ਼ਾਸਨ ਨੇ ਮਨਾਲੀ-ਲੇਹ ਸੜਕ ‘ਤੇ ਆਮ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ।







