ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜੁਲਾਈ 18
ਐਸ਼ੋਰਡ ਕਰੀਅਰ ਪ੍ਰੋਗਰੇਸ਼ਨ (ਏ.ਸੀ.ਪੀ.) ਦੇ ਮੁੱਦੇ ਕਾਰਨ ਸਰਕਾਰੀ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਚਕਾਰ ਮੀਟਿੰਗ ਨਹੀਂ ਹੋ ਸਕੀ। ਡਾਕਟਰ ਕਰੀਬ ਇੱਕ ਘੰਟਾ ਮੀਟਿੰਗ ਲਈ ਸਕੱਤਰੇਤ ਵਿੱਚ ਬੈਠੇ ਰਹੇ ਪਰ ਮੀਟਿੰਗ ਨਹੀਂ ਹੋ ਸਕੀ। ਇਸ ਤੋਂ ਨਾਰਾਜ਼ ਹੋ ਕੇ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ (ਐੱਚ.ਸੀ.ਐੱਮ.ਐੱਸ.) ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ: ਰਾਜੇਸ਼ ਖਿਆਲੀਆ ਨੇ ਐਲਾਨ ਕੀਤਾ ਕਿ ਹੁਣ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਬਚਿਆ ਹੈ। ਜੇਕਰ ਸਰਕਾਰ ਨੇ 24 ਜੁਲਾਈ ਤੱਕ ਮੰਗਾਂ ਸਬੰਧੀ ਲਿਖਤੀ ਹੁਕਮ ਜਾਰੀ ਨਾ ਕੀਤੇ ਤਾਂ ਉਹ 25 ਜੁਲਾਈ ਤੋਂ ਐਮਰਜੈਂਸੀ ਸੇਵਾਵਾਂ ਸਮੇਤ ਸਾਰੀਆਂ ਸਿਹਤ ਸੇਵਾਵਾਂ ਬੰਦ ਕਰ ਦੇਣਗੇ।
ਸੂਬਾ ਪ੍ਰਧਾਨ ਵੱਲੋਂ ਸ਼ਾਮ ਨੂੰ ਸੂਬਾ ਕਾਰਜਕਾਰਨੀ ਸਮੇਤ ਸਾਰੇ ਜ਼ਿਲ੍ਹਾ ਮੁਖੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ। ਵਰਚੁਅਲ ਮੀਟਿੰਗ ਵਿੱਚ ਸਰਕਾਰ ਨਾਲ ਹੁਣ ਤੱਕ ਹੋਈਆਂ ਮੀਟਿੰਗਾਂ ਬਾਰੇ ਸਭ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਬਹੁਤੀਆਂ ਗੱਲਾਂ ’ਤੇ ਸਹਿਮਤੀ ਬਣ ਚੁੱਕੀ ਹੈ ਪਰ ਸਰਕਾਰ ਇਸ ਲਈ ਕੋਈ ਲਿਖਤੀ ਪੱਤਰ ਨਹੀਂ ਦੇ ਰਹੀ। ਜਦੋਂ ਕਿ ਅਜਿਹਾ ਸਮਝੌਤਾ ਛੇ ਮਹੀਨੇ ਪਹਿਲਾਂ ਹੋਇਆ ਸੀ ਪਰ ਅਜੇ ਵੀ ਮਾਮਲੇ ਲਟਕ ਰਹੇ ਹਨ। ਬੁੱਧਵਾਰ ਦੁਪਹਿਰ 3.30 ਵਜੇ ਏਸੀਪੀ ਸਬੰਧੀ ਮੀਟਿੰਗ ਹੋਣੀ ਸੀ ਪਰ ਸ਼ਾਮ 4.30 ਵਜੇ ਤੱਕ ਮੀਟਿੰਗ ਨਹੀਂ ਹੋਈ। ਇਸ ਤੋਂ ਬਾਅਦ ਡਾਕਟਰ ਵਾਪਸ ਆ ਗਏ। ਡਾਕਟਰ ਰਾਜੇਸ਼ ਖਿਆਲੀਆ ਦਾ ਕਹਿਣਾ ਹੈ ਕਿ ਮਜ਼ਬੂਰੀ ਵਿਚ ਉਨ੍ਹਾਂ ਨੂੰ ਹੁਣ 25 ਜੁਲਾਈ ਤੋਂ ਹੜਤਾਲ ‘ਤੇ ਜਾਣਾ ਪਵੇਗਾ। ਸਾਰੇ ਜ਼ਿਲ੍ਹਾ ਮੁਖੀਆਂ ਨੂੰ ਹੜਤਾਲ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।







