ਹਨੇਰੇ ਜੀਵਨ ਵਿਚ ਨਵੀਂ ਰੋਸ਼ਨੀ ਲਿਆਉਂਦਾ ਹੈ ਨੇਤਰਦਾਨ : ਡਾ. ਰਵਜੋਤ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਸਤੰਬਰ 8

ਆਈ ਡੋਨੇਸ਼ਨ ਐਸੋਸੀਏਸ਼ਨ, ਹੁਸ਼ਿਆਰਪੁਰ ਵੱਲੋਂ ਮਾਡਲ ਟਾਊਨ ਕਲੱਬ ਵਿਖੇ 40ਵਾਂ ਰਾਸ਼ਟਰੀ ਨੇਤਰਦਾਨ ਪੰਦਰਵਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਖਾਂ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਨੂੰ ਇਕ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਗਿਆ।

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਨੇਤਰਦਾਨ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਇਹ ਲੋੜਵੰਦ ਵਿਅਕਤੀ ਦੇ ਹਨੇਰੇ ਜੀਵਨ ਨੂੰ ਰੋਸ਼ਨੀ ਵਿਚ ਬਦਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਜੀਵਨ ਕਾਲ ਵਿਚ ਬਹੁਤ ਸਾਰੇ ਚੰਗੇ ਕੰਮ ਕਰਦਾ ਹੈ, ਪਰ ਮੌਤ ਤੋਂ ਬਾਅਦ ਵੀ ਅੱਖਾਂ ਦਾਨ ਕਰਕੇ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ। ਡਾ. ਰਵਜੋਤ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਇਸ ਨੂੰ ਹਰ ਘਰ ਤੱਕ ਫੈਲਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਖਾਂ ਦਾਨ ਸਿਰਫ਼ ਇਕ ਸੇਵਾ ਹੀ ਨਹੀਂ ਹੈ ਸਗੋਂ ਇਹ ਜੀਵਨ ਤੋਂ ਬਾਅਦ ਵੀ ਸਮਾਜ ਨਾਲ ਜੁੜੇ ਰਹਿਣ ਦਾ ਸਾਧਨ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੇ ਹਮੇਸ਼ਾ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਅੱਖਾਂ ਦਾਨ ਦੀ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਵਿਧਾਇਕ ਜਿੰਪਾ ਨੇ ਆਈ ਡੋਨੇਸ਼ਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਲਈ ਪ੍ਰੇਰਨਾ ਸਰੋਤ ਦੱਸਿਆ।

ਵਿਸ਼ੇਸ਼ ਮਹਿਮਾਨ ਡਾ. ਸੀਮਾ ਗਰਗ ਕਾਰਜਕਾਰੀ ਸਿਵਲ ਸਰਜਨ, ਹੁਸ਼ਿਆਰਪੁਰ ਨੇ ਕਿਹਾ ਕਿ ਅੱਖਾਂ ਦਾਨ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਲੋੜ ਹੈ ਅਤੇ ਹਰ ਵਰਗ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ।

ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਪਨੇਸਰ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ‘ਤੇ ਚਾਨਣਾ ਪਾਇਆ। ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਦੇ ਜੀਵਨ ਨੂੰ ਰੋਸ਼ਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਨੇ ਹਜ਼ਾਰਾਂ ਨੇਤਰਹੀਣਾਂ ਨੂੰ ਨਵੀਂ ਰੌਸ਼ਨੀ ਦਿੱਤੀ ਹੈ ਅਤੇ ਦੇਸ਼ ਭਰ ਵਿਚ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ ਹੈ।

ਪ੍ਰੋਗਰਾਮ ਦੌਰਾਨ ਇਹ ਸੰਕਲਪ ਲਿਆ ਗਿਆ ਕਿ ਸੰਸਥਾ ਭਵਿੱਖ ਵਿਚ ਵੀ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੀ ਰਹੇਗੀ।

ਇਸ ਮੌਕੇ ਸਰਪ੍ਰਸਤ ਪ੍ਰੋ: ਬਹਾਦਰ ਸਿੰਘ ਸੁਨੇਤ, ਪ੍ਰਧਾਨ ਸੁਰੇਸ਼ ਕਪਾਟੀਆ, ਜਨਰਲ ਸਕੱਤਰ ਬਲਜੀਤ ਸਿੰਘ ਪਨੇਸਰ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੰਤੋਸ਼ ਸੈਣੀ, ਪ੍ਰੇਮ ਸੈਣੀ, ਮਾਸਟਰ ਮਹਿੰਦਰ ਸਿੰਘ, ਹਰਭਜਨ ਸਿੰਘ, ਹਰਬੰਸ ਸਿੰਘ, ਬਹਾਦਰ ਸਿੰਘ ਸਿੱਧੂ, ਡਾ: ਕਿਸ਼ੋਰੀ ਲਾਲ, ਐੱਸ.ਪੀ. ਸ਼ਰਮਾ, ਜਤਿੰਦਰ ਕੌਰ, ਸੁਰਜਨ ਨੈਨ ਕੌਰ, ਲਖਵਿੰਦਰ ਕੌਰ, ਕੰਚਨ ਦਿਓਲ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English