ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਅਪ੍ਰੈਲ 15
ਕਾਂਗਰਸ ਵੱਲੋਂ ਲੋਕ ਸਭਾ ਚੋਣਾ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਿਸ ਦੇ ਚਲਦੇ ਅੱਜ ਸਵੇਰੇ ਚੰਨੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਚੰਨੀ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੀ ਭਲੇ ਦੀ ਅਰਦਾਸ ਕੀਤੀ। ਜਲੰਧਰ ਤੋਂ ਵਿਧਾਇਕ ਪਰਗਟ ਸਿੰਘ, ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਰਾਜਿੰਦਰ ਸਿੰਘ ਬਾਬਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੁਆਬੇ ਤੋਂ ਜਲੰਧਰ ਸੀਟ ਤੋਂ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਲਈ ਉਹ ਗੁਰੂ ਘਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਾਹਿਗੁਰੂ ਨੇ ਦੁਆਬੇ ਵਿੱਚ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਨੂੰ ਇਹ ਮਾਨ ਬਖਸ਼ਿਆ ਹੈ ਤੇ ਮੈਂ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਤੁਹਾਡੀ ਆਸ ਤੇ ਖਰਾ ਉਤਰਾਂ। ਉਨ੍ਹਾਂ ਕਿਹਾ ਕਿ ਮੈਂ ਦੁਆਬੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੈਂ ਸੁਦਾਮਾ ਬਣ ਕੇ ਤੁਹਾਡੇ ਕੋਲ ਆਇਆ ਹਾਂ ਤੇ ਤੁਸੀਂ ਕ੍ਰਿਸ਼ਨ ਬਣ ਕੇ ਮੇਰਾ ਸਾਥ ਦੇਵੋ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਚਮਕੌਰ ਸਾਹਿਬ ਤੋਂ ਮੈਨੂੰ ਆਜ਼ਾਦ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ ਤੇ ਅੱਜ ਉਹ ਇਲਾਕਾ ਪੰਜਾਬ ਵਿੱਚ ਨੰਬਰ ਇੱਕ ਤੇ ਦਿਖਾਈ ਦਿੰਦਾ ਹੈ, ਜਿਹੜਾ ਕਿ ਕਿਸੇ ਸਮੇਂ ਤੇ ਪਿਛੜਿਆ ਹੋਇਆ ਇਲਾਕਾ ਸੀ। ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਜਾ ਕੇ ਵੀ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਵੀ ਚਮਕੌਰ ਸਾਹਿਬ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹੀ ਚੀਜ਼ਾਂ ਲੈ ਕੇ ਮੈਂ ਜਲੰਧਰ ਜਾ ਰਿਹਾ ਹਾਂ ਤੇ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਤੁਸੀਂ ਮੈਨੂੰ ਇੱਕ ਵਾਰ ਗੋਦ ਲੈ ਲਓ। ਜਲੰਧਰ ਵਿੱਚ ਹੀ ਸਾਡੇ ਜਠੇਰੇ ਹਨ ਤੇ ਜਲੰਧਰ ਵਿੱਚ ਹੀ ਸਾਡੇ ਬਜ਼ੁਰਗ ਰਹਿੰਦੇ ਰਹੇ ਹਨ। ਫਿਰ ਅੱਜ ਮੈਂ ਉਸੇ ਆਪਣੇ ਬਜ਼ੁਰਗਾਂ ਦੀ ਧਰਤੀ ਤੇ ਜਾ ਰਿਹਾ ਹਾਂ ਤੇ ਮੈਂਨੂੰ ਉਹ ਧਰਤੀ ਪਿਆਰ ਨਿਵਾਜੇ ਤੇ ਮੈਂ ਉਨ੍ਹਾਂ ਦੀ ਸੇਵਾ ਕਰ ਸਕਾ।







