ਸੋਨੀਪਤ ‘ਚ ਸਿਰਪ ਬਣਾਉਣ ਵਾਲੀ ਕੰਪਨੀ ਦਾ ਸਟਾਕ ਸੀਲ, ਰਿਪੋਰਟ ਆਉਣ ਤੱਕ ਉਤਪਾਦਨ ‘ਤੇ ਵੀ ਪਾਬੰਦੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਅਕਤੂਬਰ 7

ਹਰਿਆਣਾ ਦੇ ਸੋਨੀਪਤ ਵਿੱਚ ਸਿਰਪ ਬਣਾਉਣ ਵਾਲੀ ਕੰਪਨੀ ਦਾ ਪੁਰਾਣਾ ਸਟਾਕ ਸੀਲ ਕਰ ਦਿੱਤਾ ਗਿਆ ਹੈ। ਕੋਲਕਾਤਾ ਲੈਬ ਤੋਂ ਸੈਂਪਲਾਂ ਦੀ ਟੈਸਟ ਰਿਪੋਰਟ ਆਉਣ ਤੱਕ ਕੰਪਨੀ ਸਿਰਪ ਤਿਆਰ ਨਹੀਂ ਕਰ ਸਕੇਗੀ। ਇਸ ਦੇ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਨੇ ਪਾਬੰਦੀ ਲਗਾ ਦਿੱਤੀ ਹੈ। ਹਰਿਆਣਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਕੇਂਦਰ ਸਰਕਾਰ ਨੇ ਕੰਪਨੀ ਦੇ ਸਿਰਪ ਦੀ ਬਰਾਮਦ ‘ਤੇ ਵੀ ਰੋਕ ਲਗਾ ਦਿੱਤੀ ਹੈ। ਗੈਂਬੀਆ ‘ਚ ਇਸ ਸਿਰਪ ਕਾਰਨ ਬੱਚਿਆਂ ਦੀ ਮੌਤ ‘ਤੇ ਸਰਕਾਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਹਾਲਾਂਕਿ ਵੱਡੇ ਦੇਸ਼ਾਂ ਵਿੱਚ ਇਸ ਕੰਪਨੀ ਦੇ ਸਿਰਪ ਦਾ ਨਿਰਯਾਤ ਪਹਿਲਾਂ ਹੀ ਬੰਦ ਹੈ। ਹੁਣ ਜਾਂਚ ਦਾ ਵਿਸ਼ਾ ਇਹ ਵੀ ਹੈ ਕਿ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਸਿਰਪ ਦੀ ਗਲਤੀ ਕਿਵੇਂ ਨਹੀਂ ਫੜੀ ਗਈ।

ਹਰ ਸਾਲ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਅਤੇ ਕੇਂਦਰੀ ਡਰੱਗ ਕੰਟਰੋਲ ਬਿਊਰੋ ਤਿਆਰ ਦਵਾਈਆਂ ਅਤੇ ਸਿਰਪ ਦੀ ਜਾਂਚ ਤੋਂ ਬਾਅਦ ਵਰਤੋਂ ਅਤੇ ਬਰਾਮਦ ਨੂੰ ਮਨਜ਼ੂਰੀ ਦਿੰਦੇ ਹਨ। ਇਸ ਸਿਰਪ ਦੀ ਗਲਤੀ ਨੂੰ ਫੜਨ ‘ਚ ਕਿਸ ਪੱਧਰ ‘ਤੇ ਗਲਤੀ ਹੋਈ ਹੈ, ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਸੂਬਾ ਅਤੇ ਰਾਸ਼ਟਰੀ ਪੱਧਰ ‘ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

ਹਰਿਆਣਾ ਸਰਕਾਰ ਵੱਲੋਂ ਮਾਮਲੇ ਦੀ ਵਿਸਥਾਰਤ ਜਾਂਚ ਲਈ ਹੁਣ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਜਾਂਚ ਕਰੇਗੀ ਕਿ ਜਾਂਚ ਵਿੱਚ ਕਿਸ ਪੱਧਰ ਦੀ ਕਮੀ ਰਹੀ ਹੈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਹਰਿਆਣਾ ਦੇ ਡਰੱਗ ਕੰਟਰੋਲਰ ਮਨਮੋਹਨ ਤਨੇਜਾ ਨੇ ਦੱਸਿਆ ਕਿ ਸਿਰਪ ਅਤੇ ਹੋਰਾਂ ਦੇ 5 ਸੈਂਪਲ ਲਏ ਗਏ ਹਨ। ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੰਪਨੀ ਦੇ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਸਮੇਂ ਸਿਰ ਟੈਸਟ ਕੀਤੀਆਂ ਜਾਂਦੀਆਂ ਹਨ। ਇਹ ਸਿਰਪ ਮਾਰਚ 2022 ਵਿੱਚ ਭੇਜਿਆ ਗਿਆ ਸੀ। ਟੈਸਟ ਦੀ ਰਿਪੋਰਟ ਤੋਂ ਬਾਅਦ ਹੀ ਦਵਾਈ ਬਰਾਮਦ ਕੀਤੀ ਜਾਂਦੀ ਹੈ। ਕਿੱਥੇ ਅਤੇ ਕੀ ਗਲਤ ਹੋ ਰਿਹਾ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English