ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਸਤੰਬਰ 13
ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਜੱਜ ਦੀ ਧੀ ਕਲਿਆਣੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕਲਿਆਣੀ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਸੀ। ਜਸਟਿਸ ਸਰਵੇਸ਼ਵਰ ਠਾਕੁਰ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਲਿਆਣੀ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਕਲਿਆਣੀ ਸਿੰਘ ਨੂੰ 90 ਦਿਨਾਂ ਬਾਅਦ ਜ਼ਮਾਨਤ ਮਿਲੀ ਹੈ।
ਦੱਸ ਦੇਈਏ ਕਿ ਸਿੱਪੀ ਸਿੱਧੂ ਕਤਲ ਕੇਸ ‘ਚ ਮੁਲਜ਼ਮ ਕਲਿਆਣੀ ਸਿੰਘ ਨੂੰ ਸੀਬੀਆਈ ਨੇ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋ ਵਾਰ ਰਿਮਾਂਡ ਲੈਣ ਤੋਂ ਬਾਅਦ ਸੀਬੀਆਈ ਅਦਾਲਤ ਨੇ ਕਲਿਆਣੀ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਉਹ ਬੀਤੀ 21 ਜੂਨ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹੈ। ਸੀਬੀਆਈ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀਬੀਆਈ ਦੀ ਇਸ ਚਾਰਜਸ਼ੀਟ ‘ਚ ਕੁੱਲ 84 ਗਵਾਹ ਸ਼ਾਮਲ ਕੀਤੇ ਹਨ। ਇਸ ਦੇ ਨਾਲ ਹੀ ਸੀਬੀਆਈ ਨੇ ਚਾਰਜਸ਼ੀਟ ‘ਚ ਪਹਿਲਾਂ ਤੋਂ ਉਜਾਗਰ ਇਸ ਤੱਥ ਦਾ ਵੀ ਜ਼ਿਕਰ ਕੀਤਾ ਹੈ ਕਿ ਸਿੱਪੀ ਸਿੱਧੂ ਕਤਲ ਸਮੇਂ ਮੁਲਜ਼ਮ ਕਲਿਆਣੀ ਤੇ ਇਕ ਸ਼ੂਟਰ ਨੂੰ ਸੈਕਟਰ-27 ਦੇ ਪਾਰਕ ਨੇੜੇ ਇਕ ਕੋਠੀ ਮਾਲਕ ਤੇ ਉਸ ਦੇ ਨੌਕਰ ਨੇ ਦੇਖਿਆ ਸੀ।







