ਫੈਕਟ ਸਮਾਚਾਰ ਸੇਵਾ
ਮਾਨਸਾ , ਅਕਤੂਬਰ 23
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਾਸੀਆਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂਘਰ ‘ਚ ਇਸ ਸੰਬੰਧੀ ਸਭ ਨੂੰ ਸੂਚਿਤ ਕੀਤਾ ਗਿਆ ਹੈ। ਸਿੱਧੂ ਦੇ ਕਤਲ ਖ਼ਿਲਾਫ਼ ਅਤੇ ਉਸ ਨੂੰ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਕਾਲੀ ਦੀਵਾਲੀ ਮਨਾਈ ਜਾਵੇਗੀ। ਜਿਸ ਲਈ ਪਿੰਡ ਮੂਸਾ ‘ਚ ਨਾ ਤਾਂ ਦੀਵੇ ਜਗਾਏ ਜਾਣਗੇ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਰਮਿਕ ਥਾਵਾਂ ‘ਤੇ ਵੀ ਦੀਪਮਾਲਾ ਨਾ ਕਰਨ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ।
ਇਸ ਸੰਬੰਧੀ ਗੱਲ ਕਰਦਿਆਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਸਾਨੂੰ ਅੰਦਾਜ਼ਾ ਨਹੀਂ ਸੀ ਕਿ ਪਿੰਡ ਵਾਸੀ ਉਨ੍ਹਾਂ ਦੇ ਦੁੱਖ ‘ਚ ਸ਼ਾਮਲ ਹੋਣ ਲਈ ਇਹ ਰਾਹ ਅਪਣਾਉਣਗੇ। ਇਸ ਮੌਕੇ ਮੂਸੇਵਾਲਾ ਦੇ ਇਕ ਪ੍ਰਸ਼ੰਸਕ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਪਿੰਡ ਮੂਸਾ ‘ਚ ਬਣਾਈ ਸਿੱਧੂ ਦੀ ਸਮਾਧ ‘ਤੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਬਾਣੀ ਦੇ ਜਾਪ ਹੋਣਗੇ ਅਤੇ ਬਾਅਦ ਵਿੱਚ ਸਮਾਧ ਤੋਂ ਲੈ ਕੇ ਘਰ ਤੱਕ ਕੈਂਡਲ ਮਾਰਚ ਕੱਢਿਆ ਜਾਵੇਗੀ।







