ਸਿੱਕਮ ‘ਚ ਆਏ ਹੜ੍ਹ ਕਾਰਨ ਹੁਣ ਤੱਕ 51 ਲੋਕਾਂ ਦੀ ਮੌਤ, ਕਈ ਲਾਪਤਾ

ਫੈਕਟ ਸਮਾਚਾਰ ਸੇਵਾ

ਗੰਗਟੋਕ , ਅਕਤੂਬਰ 7

ਸਿੱਕਮ ‘ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਬੱਦਲ ਫਟਣ ਕਾਰਨ ਕਰੀਬ 51 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਸਿੱਕਮ ਵਿੱਚ ਤੀਸਤਾ ਨਦੀ ਵਿੱਚੋਂ 26 ਅਤੇ ਬੰਗਾਲ ਵਿੱਚ 25 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਸ ਹਾਦਸੇ ‘ਚ ਪਾਕਿਯੋਂਗ ਜ਼ਿਲੇ ਦੇ ਬਾਰਦਾਂਗ ਆਰਮੀ ਛਾਉਣੀ ‘ਚੋਂ ਲਾਪਤਾ 22 ਫੌਜੀਆਂ ‘ਚੋਂ 7 ਦੀਆਂ ਲਾਸ਼ਾਂ ਮਿਲ ਗਈਆਂ ਹਨ।

ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਵਾਪਰੇ ਹਾਦਸੇ ਨੂੰ ਲੈ ਕੇ ਪਿਛਲੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਿੱਕਮ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕਰਕੇ ਡੈਮ ਦੀ ਉਸਾਰੀ ਕਾਰਨ ਬੱਦਲ ਫਟਣ ਤੋਂ ਬਾਅਦ ਸਥਿਤੀ ਖ਼ਤਰਨਾਕ ਅਤੇ ਬੇਕਾਬੂ ਹੋ ਗਈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸੇ ਕਾਰਨ ਇੰਨੇ ਵੱਡੇ ਪੱਧਰ ‘ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।

ਬੱਦਲ ਫਟਣ ਤੋਂ ਬਾਅਦ ਦੱਖਣੀ ਲੋਨਾਕ ਝੀਲ ਦਾ ਪਾਣੀ ਵਧ ਗਿਆ ਅਤੇ ਚੁੰਗਥਾਂਗ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਤੀਸਤਾ ਪੜਾਅ-3 ਡੈਮ ਤੱਕ ਪਹੁੰਚ ਗਿਆ। ਡੈਮ ਘਟੀਆ ਕੁਆਲਿਟੀ ਦੇ ਮਟੀਰੀਅਲ ਨਾਲ ਬਣਿਆ ਸੀ, ਜਿਸ ਕਾਰਨ ਵਧਦੇ ਪਾਣੀ ਨੂੰ ਸੰਭਾਲਿਆ ਨਹੀਂ ਜਾ ਸਕਦਾ ਸੀ। ਤੀਸਤਾ ਨਦੀ ਨੇ ਉਦੋਂ ਭਿਆਨਕ ਰੂਪ ਧਾਰ ਲਿਆ ਜਦੋਂ ਝੀਲ ਅਤੇ ਡੈਮ ਦਾ ਪਾਣੀ ਇਕੱਠੇ ਦਰਿਆ ਵਿੱਚ ਦਾਖਲ ਹੋਇਆ। ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਕਰੀਬ 142 ਲੋਕ ਲਾਪਤਾ ਹਨ। ਸਿੱਕਮ ਸਰਕਾਰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਇਸ ਦੇ ਨਾਲ ਹੀ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ 2-2 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

Leave a Reply

Your email address will not be published. Required fields are marked *

View in English