ਸਾਬਕਾ ਮੰਤਰੀ ਮਲੂਕਾ ਨੇ ਗੁਰਪ੍ਰੀਤ ਕਾਂਗੜ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਫੈਕਟ ਸਮਾਚਾਰ ਸੇਵਾ

ਬਠਿੰਡਾ , ਨਵੰਬਰ 3

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਧੁਰ ਵਿਰੋਧੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਮੁੜ ਕਾਂਗਰਸ ਵਿਚ ਆ ਜਾਣ ਤੋਂ ਬਾਅਦ ਮਲੂਕਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਾਂਗੜ ਦੇ ਵਾਰ-ਵਾਰ ਪਾਰਟੀਆਂ ਬਦਲਣ ਤੇ ਸਖਤ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਦੇ ਜਵਾਬ ਵਿਚ ਕਾਂਗੜ ਨੇ ਵੀ ਇਕ ਇੰਟਰਵਿਊ ਵਿਚ ਸਾਬਕਾ ਸਿਕੰਦਰ ਸਿੰਘ ਮਲੂਕਾ ’ਤੇ ਕੁਝ ਨਿੱਜੀ ਚਿੱਕੜ ਉਛਾਲੀ ਕੀਤੀ ਸੀ। ਕਾਂਗੜ ਵੱਲੋਂ ਮਲੂਕਾ ’ਤੇ ਦੋਸ਼ ਲਗਾਏ ਸਨ ਕਿ ਮਲੂਕਾ ਭਾਜਪਾ ਵਿਚ ਸ਼ਾਮਲ ਹੋਣ ਲਈ ਕਈ ਹਫਤੇ ਦਿੱਲੀ ਵਿਚ ਬੈਠੇ ਰਹੇ ਸਨ।

ਕਾਂਗੜ ਨੇ ਇਹ ਵੀ ਦੋਸ਼ ਲਗਾਏ ਸਨ ਕਿ ਮਲੂਕਾ ਭਾਜਪਾ ਵਿਚ ਸ਼ਾਮਲ ਹੋਣ ਲਈ ਕੇਂਦਰ ਸਰਕਾਰ ਤੋਂ ਕਿਸੇ ਸੂਬੇ ਦੀ ਗਵਰਨਰੀ ਦੀ ਮੰਗ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗੜ ਨੇ ਮਲੂਕਾ ਦੀ ਸਿੱਖਿਆ ਬਾਰੇ ਵੀ ਕੁਝ ਗਲਤ ਟਿੱਪਣੀਆਂ ਕੀਤੀਆਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਦਸਤਖਤ ਨਾ ਕਰ ਸਕਣ ਵਰਗੀਆਂ ਟਿੱਪਣੀਆਂ ਵੀ ਕੀਤੀਆਂ ਸਨ। ਮਲੂਕਾ ਨੇ ਕਿਹਾ ਕਿ ਕਾਂਗੜ ਵੱਲੋਂ ਕੀਤੀਆਂ ਟਿੱਪਣੀਆਂ ਜਿਹੜਾ ਝੂਠ ਦਾ ਪੁਲੰਦਾ ਹਨ। ਮਲੂਕਾ ਨੇ ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਕਾਂਗੜ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕਾਂਗੜ ਨੇ ਹਮੇਸ਼ਾ ਹੀ ਝੂਠ ਦੀ ਰਾਜਨੀਤੀ ਕੀਤੀ ਹੈ। ਮੇਰੇ ਬਾਰੇ ਕੀਤੀਆਂ ਟਿੱਪਣੀਆਂ ਸਬੰਧੀ ਜੇਕਰ ਕਾਂਗੜ ਕੋਲ ਕੋਈ ਠੋਸ ਸਬੂਤ ਹਨ ਤਾਂ ਉਹ ਪੇਸ਼ ਕਰੇ ਨਹੀਂ ਤਾਂ ਜਨਤਕ ਤੌਰ ’ਤੇ ਮਾਫੀ ਮੰਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗੜ ਨੂੰ ਨੋਟਿਸ ਮਿਲ ਚੁੱਕਿਆ ਹੈ ਤੇ ਮੁਆਫੀ ਨਾ ਮੰਗਣ ਦੀ ਸੂਰਤ ਵਿਚ ਕਾਂਗੜ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ।

Leave a Reply

Your email address will not be published. Required fields are marked *

View in English