ਫੈਕਟ ਸਮਾਚਾਰ ਸੇਵਾ
ਸੰਗਰੂਰ , ਸਤੰਬਰ 22
ਸੰਗਰੂਰ ਪੁਲਿਸ ਨੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵਿਰੁੱਧ ਵਿਧਾਨ ਸਭਾ ਚੋਣਾਂ ਦੌਰਾਨ ਦੇਰ ਰਾਤ ਬਿਨਾਂ ਇਜ਼ਾਜ਼ਤ ਤੋਂ ਸ਼ਹਿਰ ਵਿੱਚ ਚੋਣ ਮੀਟਿੰਗਾਂ ਕਰਨ ਅਤੇ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦਰਜ ਦੋ ਮਾਮਲਿਆਂ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਹਨ। ਦੋਵੇਂ ਕੇਸਾਂ ਵਿੱਚ 17 ਅਕਤੂਬਰ ਨੂੰ ਸੀਜੇਐਮ ਅਦਾਲਤ ਸੰਗਰੂਰ ਵਿੱਚ ਪੇਸ਼ ਹੋਣਗੇ। ਉਸ ਨੂੰ ਅਦਾਲਤ ਨੇ 17 ਅਕਤੂਬਰ 2022 ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਸਦਰ ਸੰਗਰੂਰ ਵਿੱਚ 12 ਫਰਵਰੀ ਨੂੰ ਧਾਰਾ 188 ਆਈਪੀਸੀ, 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਐਫਆਈਆਰ ਨੰਬਰ-31 ਦਰਜ ਕੀਤੀ ਗਈ ਸੀ। ਤਤਕਾਲੀ ਐਸਡੀਐਮ-ਕਮ-ਆਰਓ ਨੇ ਪੁਲੀਸ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਸੀ ਕਿ 09 ਫਰਵਰੀ 22 ਨੂੰ ਫਲਾਇੰਗ ਸਕੁਐਡ ਟੀਮ ਦੇ ਅਧਿਕਾਰੀ ਰਜਿੰਦਰ ਕੁਮਾਰ ਨੇ ਰਾਤ 9:45 ਵਜੇ ਦੇ ਕਰੀਬ ਖਲੀਫਾ ਗਲੀ ਸੰਗਰੂਰ ਦੀ ਚੈਕਿੰਗ ਕੀਤੀ। ਜਿੱਥੇ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ 70-80 ਅਣਪਛਾਤੇ ਵਿਅਕਤੀਆਂ ਦੀ ਸਿਆਸੀ ਰੈਲੀ (ਨੁੱਕੜ ਮੀਟਿੰਗ) ਕਰ ਰਹੇ ਸਨ।
ਇਸਦੀ ਵੀਡੀਓਗ੍ਰਾਫੀ ਕੀਤੀ ਗਈ ਸੀ। ਬਿਨਾਂ ਇਜਾਜ਼ਤ ਮੀਟਿੰਗ ਕਰਕੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਵਿਜੇ ਇੰਦਰਾ ਸਿੰਗਲਾ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਇਸ ਤੋਂ ਇਲਾਵਾ ਇੱਕ ਹੋਰ ਐਫਆਈਆਰ ਨੰਬਰ-25 ਥਾਣਾ ਸਦਰ ਸੰਗਰੂਰ ਵਿੱਚ 13 ਫਰਵਰੀ 22 ਧਾਰਾ 188 ਆਈਪੀਸੀ, 51 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨੂੰ ਦਰਜ ਕੀਤੀ ਗਈ ਸੀ। ਇਸ ਸਬੰਧੀ ਆਰ.ਓ.-ਕਮ-ਐਸ.ਡੀ.ਐਮ (108 ਸੰਗਰੂਰ) ਨੇ ਪੁਲਿਸ ਨੂੰ ਦੱਸਿਆ ਕਿ 12 ਫਰਵਰੀ ਨੂੰ ਰਾਤ 10 ਤੋਂ 10:30 ਵਜੇ ਤੱਕ ਕਾਂਗਰਸੀ ਉਮੀਦਵਾਰ ਵਿਜੇ ਇੰਦਰਾ ਸਿੰਗਲਾ ਨੇ ਬਿਨਾਂ ਇਜਾਜ਼ਤ 200-250 ਵਿਅਕਤੀਆਂ ਦੀ ਸਿਆਸੀ ਰੈਲੀ ਕੀਤੀ ਅਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ।







