ਨਵੀਂ ਦਿੱਲੀ : ਸ਼ਰਧਾ ਦੇ ਲਿਵ-ਇਨ ਪਾਰਟਨਰ ਆਫਤਾਬ ਨੇ 18 ਮਈ ਨੂੰ ਉਸ ਦੀ ਹੱਤਿਆ ਕਰ ਦਿੱਤੀ ਸੀ। ਸ਼ਰਧਾ ਕਤਲ ਕੇਸ ਵਿੱਚ ਨਿੱਤ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਖਬਰਾਂ ਮੁਤਾਬਕ ਆਫਤਾਬ ਨੇ ਦਿੱਲੀ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਸ਼ਰਧਾ ਦਾ ਸਿਰ ਦਿੱਲੀ ਦੇ ਇਕ ਛੱਪੜ ‘ਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਦਿੱਲੀ ਪੁਲਿਸ ਛਤਰਪੁਰ ਜ਼ਿਲ੍ਹੇ ਦੇ ਮੈਦਾਨ ਗੜ੍ਹੀ ਪਹੁੰਚੀ ਅਤੇ ਇੱਥੇ ਮੌਜੂਦ ਇੱਕ ਤਲਾਅ ਨੂੰ ਖਾਲੀ ਕਰ ਰਹੀ ਹੈ। ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਕੁਝ ਸਮਾਂ ਪਹਿਲਾਂ ਆਫਤਾਬ ਨੂੰ ਇੱਥੇ ਲੈ ਕੇ ਆਈ ਸੀ। ਉਸਨੇ ਕਬੂਲ ਕੀਤਾ ਹੈ ਕਿ ਉਸਨੇ ਸ਼ਰਧਾ ਦਾ ਸਿਰ ਇਸੇ ਛੱਪੜ ਵਿੱਚ ਸੁੱਟਿਆ ਸੀ। ਕਤਲ ਦਾ ਹਥਿਆਰ ਵੀ ਗਾਇਬ ਹੈ। ਇੱਥੇ ਦੱਸ ਦੇਈਏ ਕਿ ਛਤਰਪੁਰ ਜ਼ਿਲੇ ਦੇ ਮਹਿਰੌਲੀ ਦੇ ਜੰਗਲ ‘ਚੋਂ ਪੁਲਿਸ ਨੇ ਹੁਣ ਤੱਕ 17 ਹੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ।
ਇਸ ਦੇ ਨਾਲ ਹੀ ਸੋਮਵਾਰ ਨੂੰ ਆਫਤਾਬ ਦਾ ਨਾਰਕੋ ਟੈਸਟ ਵੀ ਕੀਤਾ ਜਾ ਸਕਦਾ ਹੈ। ਪੁਲਿਸ ਨੇ ਇਸ ਲਈ 40 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ਤੋਂ ਪਹਿਲਾਂ ਸ਼ਰਧਾ ਦੇ ਕਤਲ ਦੇ ਸੀਨ ਨੂੰ ਰੀਕ੍ਰਿਏਟ ਕਰਨ ਲਈ ਐਤਵਾਰ ਸਵੇਰੇ ਦਿੱਲੀ ਪੁਲਿਸ ਆਫਤਾਬ ਦੇ ਘਰ ਪਹੁੰਚੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਪੁਲਿਸ ਨੂੰ 18 ਅਕਤੂਬਰ ਦੀ ਸੀਸੀਟੀਵੀ ਫੁਟੇਜ ਮਿਲੀ ਸੀ। ਇਸ ‘ਚ ਸਵੇਰੇ 4 ਵਜੇ ਆਫਤਾਬ ਨੂੰ ਬੈਗ ਚੁੱਕਦੇ ਦੇਖਿਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਉਹ ਸ਼ਰਧਾ ਦੀ ਲਾਸ਼ ਦੇ ਟੁਕੜੇ ਸੁੱਟਣ ਗਿਆ ਸੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਮਹਿਰੌਲੀ ਦੇ ਫਲੈਟ ਤੋਂ ਸਾਰੇ ਕੱਪੜੇ ਜ਼ਬਤ ਕਰ ਲਏ ਹਨ। ਇਨ੍ਹਾਂ ‘ਚ ਸ਼ਰਧਾ ਦੇ ਕੱਪੜੇ ਵੀ ਸ਼ਾਮਲ ਹਨ।







