ਫੈਕਟ ਸਮਾਚਾਰ ਸੇਵਾ
ਜੰਮੂ , ਜੂਨ 2
ਜੰਮੂ ਪ੍ਰਸ਼ਾਸਨ ਨੇ ਮਾਤਾ ਵੈਸ਼ਨੋ ਦੇਵੀ ਧਾਮ ਕਟੜਾ ਸ਼ਹਿਰ ‘ਚ ਸਿਗਰਟਾਂ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਰਿਆਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਮਹਾਜਨ ਨੇ ਕਿਹਾ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ‘ਤੇ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਉਦੇਸ਼ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਪ੍ਰਸ਼ਾਸਨ ਨੇ ਕਟੜਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ, ਕਬਜ਼ੇ ਅਤੇ ਸੇਵਨ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਧਾਰਾ 144 ਦੇ ਤਹਿਤ ਸ਼ਨੀਵਾਰ ਨੂੰ ਅਸੀਂ ਨੁਮਈ ਅਤੇ ਪੰਥਲ ਚੈਕ ਪੋਸਟ ਤੋਂ ਤਾਰਾ ਕੋਰਟ ਟ੍ਰੈਕ ਰਾਹੀਂ ਭਵਨ ਤੱਕ ਖੇਤਰ ਵਿੱਚ ਸਿਗਰਟ, ਗੁਟਖਾ ਅਤੇ ਹੋਰ ਕਿਸਮ ਦੇ ਤੰਬਾਕੂ ਦੇ ਭੰਡਾਰਨ, ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਕਿਹਾ ਕਿ ਇਹ ਪਾਬੰਦੀ ਸ਼ਰਾਬ ਅਤੇ ਮੀਟ ਦੀ ਵਿਕਰੀ ਅਤੇ ਸੇਵਨ ‘ਤੇ ਮੌਜੂਦਾ ਪਾਬੰਦੀ ਦਾ ਵਿਸਥਾਰ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਕਟੜਾ ਬੇਸ ਕੈਂਪ, ਟਰੈਕ ਅਤੇ ਪੂਰੇ ਖੇਤਰ ਨੂੰ ਤੰਬਾਕੂ ਮੁਕਤ ਰੱਖਣਾ ਹੈ। ਕਟੜਾ ਵਿੱਚ ਹਰ ਰੋਜ਼ 30,000 ਤੋਂ 40,000 ਸ਼ਰਧਾਲੂ ਆਉਂਦੇ ਹਨ।







