ਫੈਕਟ ਸਮਾਚਾਰ ਸੇਵਾ
ਰੋਹਤਕ , ਸਤੰਬਰ 5
ਹਰਿਆਣਾ ਦੇ ਰੋਹਤਕ ‘ਚ ਜੀਂਦ ਰੋਡ ‘ਤੇ ਟੀਟੋਲੀ ਪੁਲੀਸ ਚੌਕੀ ਨੇੜੇ ਇਕ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਨਾਂ ਵਿੱਚ ਦੋ ਸਕੇ ਭਰਾ ਸੋਨੂੰ ਅਤੇ ਸੰਦੀਪ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਪਿੰਡ ਚਿੜੀ ਦੇ ਰਹਿਣ ਵਾਲੇ ਸਨ ਜਦਕਿ ਅਜੇ ਲਖਨਮਾਜਰਾ ਦਾ ਰਹਿਣ ਵਾਲਾ ਸੀ। ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਦਰ ਪੁਲੀਸ ਅਨੁਸਾਰ ਅੱਜ ਸਵੇਰੇ ਤਿੰਨ ਬਾਈਕ ਸਵਾਰ ਲਖਨਮਾਜਰਾ ਵਾਲੇ ਪਾਸੇ ਤੋਂ ਰੋਹਤਕ ਵੱਲ ਜਾ ਰਹੇ ਸਨ। ਚੌਕ ‘ਤੇ ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਵਿੱਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਮ੍ਰਿਤਕਾਂ ਦੀ ਪਛਾਣ ਕਰ ਕੇ ਜਾਂਚ ਕਰ ਰਹੀ ਹੈ। ਸਦਰ ਥਾਣਾ ਇੰਚਾਰਜ ਅਰਵਿੰਦ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।







