ਰੀਲ ਲਈ ਮਹਿਲਾ ਮਿੱਤਰ ਤੋਂ ਬਣਵਾਏ ਲਿਪਸਟਿਕ ਦੇ 3400 ਨਿਸ਼ਾਨ

ਫੈਕਟ ਸਮਾਚਾਰ ਸੇਵਾ

ਗਵਾਲੀਅਰ , ਅਗਸਤ 26

ਇੰਟਰਨੈਟ ਮੀਡੀਆ ’ਤੇ ਰੀਲ ਨੂੰ ਵਾਇਰਲ ਕਰਨ ਤੇ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਲੈਣ ਦੇ ਚੱਕਰ ਵਿਚ ਇਕ ਨੌਜਵਾਨ ਨੇ ਆਪਣੀ ਕਾਰ ਨੂੰ ‘ਕਿਸਿੰਗ ਕਾਰ’ ਬਣਾ ਦਿੱਤਾ। ਸਫੈਦ ਰੰਗ ਦੀ ਕਾਰ ਦੀ ਪੂਰੀ ਬਾਡੀ ’ਤੇ ਉਸ ਦੀ ਮਹਿਲਾ ਮਿੱਤਰ ਨੇ ਲਿਪਸਟਿਕ ਨਾਲ ਕਰੀਬ 3400 ਨਿਸ਼ਾਨ ਬਣਾਏ। ਇਸ ਤੋਂ ਬਾਅਦ ਨੌਜਵਾਨ ਨੇ ਕਾਰ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਈ ਤੇ ਇਕ ਦਿਨ ਵਿਚ ਕਰੀਬ 55 ਲੱਖ ਵਿਊਜ਼ ਹੋ ਗਏ। ਰੀਲ ’ਤੇ ਪੁਲਿਸ ਦੀ ਨਜ਼ਰ ਪਈ ਤਾਂ ਕਾਰ ਨੂੰ ਥਾਟੀਪੁਰ ਤੋਂ ਬਰਾਮਦ ਕਰ ਕੇ ਥਾਣੇ ਲਿਆਂਦਾ ਗਿਆ। ਮੋਟਰ ਵ੍ਹੀਕਲ ਐਕਟ ਦੇ ਵੱਖ-ਵੱਖ ਕਾਨੂੰਨਾਂ ਤਹਿਤ 5500 ਰੁਪਏ ਦਾ ਚਾਲਾਨ ਕੀਤਾ ਗਿਆ।

ਟ੍ਰੈਫਿਕ ਪੁਲਿਸ ਮੁਤਾਬਕ ਦੋ ਦਿਨ ਪਹਿਲਾਂ ਕਾਰ ਨੰਬਰ- ਐੱਮਪੀ-07-ਸੀਸੀ 9452 ਦਾ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆ ਸੀ। ਕਾਰ ਦੀ ਪੂਰੀ ਬਾਡੀ ’ਤੇ ਲਿਪਸਟਿਕ ਦੇ ਨਿਸ਼ਾਨ ਬਣੇ ਹੋਏ ਸਨ। ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਕਾਰ ਦੀ ਪਛਾਣ ਸ਼ੁਰੂ ਕੀਤੀ ਅਤੇ ਜਾਣਕਾਰੀ ਇਕੱਠੀ ਕਰ ਕੇ ਥਾਟੀਪੁਰ ਖੇਤਰ ਤੋਂ ਕਾਰ ਬਰਾਮਦ ਕਰ ਲਈ। ਟ੍ਰੈਫਿਕ ਪੁਲਿਸ ਨੇ ਕਾਰ ਮਾਲਕ ਆਦਿੱਤਿਆ ਸਿਕਰਵਾਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਉਸ ਨੇ ਆਪਣੀ ਗਲਤੀ ਮਨ ਲਈ ਅਤੇ ਪੁਲਿਸ ਦੇ ਸਾਹਮਣੇ ਕਾਰ ਦੀ ਬਾਡੀ ’ਤੇ ਲੱਗੇ ਲਿਪਸਟਿਕ ਦੇ ਨਿਸ਼ਾਨ ਪਾਣੀ ਨਾਲ ਸਾਫ ਕਰ ਦਿੱਤੇ।

ਟ੍ਰੈਫਿਕ ਥਾਣਾ ਇੰਚਾਰਜ ਅਭਿਸ਼ੇਕ ਰਘੁਵੰਸ਼ੀ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਵਾਹਨ ਤੇਜ਼ ਰਫਤਾਰ ’ਚ ਦਿਖ ਰਿਹਾ ਸੀ। ਮੋਟਰ ਵ੍ਹੀਕਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ 5500 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਗੱਡੀ ਵਿਚ ਮੋਈਫਾਈ ਸਟੀਕਰ, ਖਤਰਨਾਕ ਡਰਾਈਵਿੰਗ, ਕਾਰ ’ਤੇ ਕਾਲੀ ਫਿਲਮ ਅਤੇ ਲਰਨਿੰਗ ਲਾਇਸੈਂਸ ਹੋਣ ਦੇ ਮਾਮਲੇ ’ਚ ਟ੍ਰੈਫਿਕ ਪੁਲਿਸ ਨੇ ਚਾਲਾਨ ਕੀਤਾ।

Leave a Reply

Your email address will not be published. Required fields are marked *

View in English