ਫੈਕਟ ਸਮਾਚਾਰ ਸੇਵਾ
ਮੁੰਬਈ, ਮਈ 7
ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਹਾਲ ਹੀ ‘ਚ ਰੋਮਾਂਟਿਕ ਕਾਮੇਡੀ ਫਿਲਮ ‘ਤੂੰ ਝੂਠੀ ਮੈਂ ਮੱਕਾਰ’ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਫਿਲਮ ‘ਚ ਅਦਾਕਾਰਾ ਸ਼ਰਧਾ ਕਪੂਰ ਦੇ ਨਾਲ ਨਜ਼ਰ ਆਏ ਸੀ। ਇਸ ਤੋਂ ਪਹਿਲਾਂ ਰਣਬੀਰ ਦਾ ਰੋਮਾਂਟਿਕ ਅੰਦਾਜ਼ ਫਿਲਮ ‘ਯੇ ਜਵਾਨੀ ਹੈ ਦੀਵਾਨੀ’ ‘ਚ ਦੇਖਣ ਨੂੰ ਮਿਲਿਆ ਸੀ, ਜਿਸ ‘ਚ ਉਨ੍ਹਾਂ ਨੇ ‘ਬਨੀ’ ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਇਹ ਫਿਲਮ ਰਣਬੀਰ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮ ਸੀ। ਹੁਣ ਅਦਾਕਾਰ ਨੇ ਇਸ ਫਿਲਮ ਦੇ ਸੀਕਵਲ ਬਾਰੇ ਗੱਲ ਕੀਤੀ ਹੈ।
ਰਣਬੀਰ ਨੇ ‘ਯੇ ਜਵਾਨੀ ਹੈ ਦੀਵਾਨੀ’ ‘ਚ ਦੀਪਿਕਾ ਪਾਦੁਕੋਣ ਨਾਲ ਰੋਮਾਂਸ ਕੀਤਾ ਸੀ। ਫਿਲਮ ‘ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਫਿਲਮ ਨੇ ਬਾਕਸ ਆਫਿਸ ‘ਤੇ 320 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਅਤੇ ਸੁਪਰਹਿੱਟ ਸਾਬਤ ਹੋਈ। ਸਾਲ 2013 ‘ਚ ਰਿਲੀਜ਼ ਹੋਈ ਇਸ ਫਿਲਮ ਦੇ ਦੂਜੇ ਭਾਗ ਦੇ ਬਾਰੇ ‘ਚ ਰਣਬੀਰ ਨੇ ਖੁਲਾਸਾ ਕੀਤਾ ਹੈ ਕਿ ਪ੍ਰਸ਼ੰਸਕਾਂ ਨੂੰ ਜਲਦ ਹੀ ਇਸ ਦਾ ਸੀਕਵਲ ਦੇਖਣ ਨੂੰ ਮਿਲੇਗਾ।
ਅਸਲ ‘ਚ ਹਾਲ ਹੀ ‘ਚ ਇਕ ਇੰਟਰਵਿਊ ‘ਚ ਰਣਬੀਰ ਕਪੂਰ ਨੇ ਕਿਹਾ ਕਿ ਨਿਰਮਾਤਾ ਜਲਦ ਹੀ ‘ਯੇ ਜਵਾਨੀ ਹੈ ਦੀਵਾਨੀ’ ਦਾ ਵਧੀਆ ਸੀਕਵਲ ਲੈ ਕੇ ਆਉਣਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਅਯਾਨ ਮੁਖਰਜੀ ਕੋਲ ਫਿਲਮ ਦੇ ਅਗਲੇ ਹਿੱਸੇ ਲਈ ਬਹੁਤ ਵਧੀਆ ਸਕ੍ਰਿਪਟ ਸੀ ਪਰ ਉਹ ਆਪਣੀ ਫਿਲਮ ‘ਬ੍ਰਹਮਾਸਤਰ’ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ ਸਨ।
ਫਿਲਮ ਦੀ ਸਕ੍ਰਿਪਟ ਬਾਰੇ ਗੱਲ ਕਰਦੇ ਹੋਏ ਰਣਬੀਰ ਨੇ ਕਿਹਾ ਕਿ ਅਯਾਨ ਨੇ ਕਹਾਣੀ ਨੂੰ 10 ਸਾਲ ਅੱਗੇ ਲੈ ਕੇ ਗਏ ਹਨ, ਜਿਸ ਦਾ ਮਤਲਬ ਹੈ ਕਿ ਪ੍ਰਸ਼ੰਸਕਾਂ ਨੂੰ ਫਿਲਮ ‘ਚ 10 ਸਾਲ ਅੱਗੇ ਦੀ ਕਹਾਣੀ ਦੇਖਣ ਨੂੰ ਮਿਲੇਗੀ, ਜਿਸ ‘ਚ ਦਿਖਾਇਆ ਜਾਵੇਗਾ ਕਿ ‘ਬਨੀ’, ‘ਨੈਨਾ’, ‘ਅਵੀ’ ਅਤੇ ‘ਅਦਿਤੀ’ ਆਪਣੀ ਜ਼ਿੰਦਗੀ ‘ਚ ਕਿੱਥੇ ਹਨ। ਅਦਾਕਾਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ‘ਯੇ ਜਵਾਨੀ ਹੈ ਦੀਵਾਨੀ’ ਦਾ ਸੀਕਵਲ ਵਧੀਆ ਬਣੇਗਾ। ਅਯਾਨ ਨੇ ਜੋ ਕਹਾਣੀ ਸੁਣਾਈ, ਉਹ ਬਹੁਤ ਵਧੀਆ ਸੀ, ਮੈਨੂੰ ਯਾਦ ਹੈ, ਪਰ ਫਿਰ ਉਹ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਰੁੱਝ ਗਏ ਸੀ। ਮੈਨੂੰ ਲੱਗਦਾ ਹੈ ਕਿ ਫਿਲਮ ਦੀ ਕਹਾਣੀ 10 ਸਾਲ ਅੱਗੇ ਹੋਵੇਗੀ।







