ਮੋਹਾਲੀ ਦੇ ਫੇਜ਼-2 ਵਿਚ 30 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ, ਲੋਕਾਂ ਦੀਆਂ ਵਧੀਆਂ ਮੁਸ਼ਕਲਾਂ

ਫੈਕਟ ਸਮਾਚਾਰ ਸੇਵਾ

ਮੋਹਾਲੀ , ਮਈ 4

ਮੁਹਾਲੀ ਵਿੱਚ ਐਤਵਾਰ ਸਵੇਰੇ ਗੜੇਮਾਰੀ ਅਤੇ ਤੇਜ਼ ਤੂਫ਼ਾਨ ਨੇ ਸ਼ਹਿਰ ਦੀ ਬਿਜਲੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਝੱਖੜ ਨੂੰ ਲੰਘਿਆ 30 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਫੇਜ਼-2 ਅਤੇ ਸੈਕਟਰ-54 ਦੇ ਕਈ ਹਿੱਸਿਆਂ ਵਿੱਚ ਹਾਲੇ ਵੀ ਬਿਜਲੀ ਗੁੱਲ ਹੈ। ਖਾਸ ਤੌਰ ’ਤੇ ਘਰ ਨੰਬਰ 147 ਤੋਂ 170 ਅਤੇ 550 ਤੋਂ 653 ਦੇ ਲਗਪਗ 80 ਘਰ ਅਜਿਹੇ ਹਨ ਜਿੱਥੇ ਐਤਵਾਰ ਸਵੇਰ ਤੋਂ ਨਾ ਬਿਜਲੀ ਆਈ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ।

ਸਿਰਫ਼ ਫੇਜ਼-2 ਹੀ ਨਹੀਂ, ਸਗੋਂ ਫੇਜ਼-7, 3ਬੀ1, 3ਬੀ2, ਫੇਜ਼-1 ਅਤੇ ਫੇਜ਼-5 ਵਰਗੇ ਇਲਾਕਿਆਂ ਵਿੱਚ ਵੀ ਲੋਕ ਬਿਜਲੀ ਦੇ ਕੱਟਾਂ ਅਤੇ ਘੱਟ ਵੋਲਟੇਜ ਕਾਰਨ ਪ੍ਰੇਸ਼ਾਨ ਹਨ। ਸਾਬਕਾ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਬਿਜਲੀ ਬਹਾਲ ਵੀ ਹੋਈ ਹੈ, ਉੱਥੇ ਸਿਰਫ਼ ‘ਸਿੰਗਲ ਫੇਜ਼’ ਕੁਨੈਕਸ਼ਨ ਹੀ ਚੱਲ ਰਿਹਾ ਹੈ। ਵੋਲਟੇਜ ਵਿੱਚ ਉਤਾਰ-ਚੜ੍ਹਾਅ ਕਾਰਨ ਲੋਕਾਂ ਨੂੰ ਆਪਣੇ ਬਿਜਲੀ ਦੇ ਉਪਕਰਨ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ। ਇੰਟਰਨੈੱਟ ਸੇਵਾਵਾਂ ਵੀ ਦੇਰ ਰਾਤ ਤੱਕ ਪ੍ਰਭਾਵਿਤ ਰਹੀਆਂ।

ਸੈਕਟਰ 71 ਦੇ 66 ਕੇਵੀ ਗਰਿੱਡ ਕੋਲ ਹਸਪਤਾਲ ਦੀ ਹੌਟਲਾਈਨ ਲਈ ਲਗਾਏ ਗਏ ਤਿੰਨ ਨਵੇਂ ਖੰਭੇ ਡਿੱਗ ਗਏ, ਜਿਸ ਨਾਲ ਵੱਡੀ ਸਪਲਾਈ ਠੱਪ ਹੋ ਗਈ। ਇਸੇ ਤਰਾਂ ਫੇਜ਼ 5 ਬੂਥ ਮਾਰਕੀਟ ‘ਚ 11 ਕੇਵੀ ਫੀਡਰ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਕਈ ਘੰਟੇ ਬਿਜਲੀ ਬੰਦ ਰਹੀ। ਨਿੱਝਰ ਚੌਂਕ ਖਰੜ ਵਿੱਚ ਤੂਫ਼ਾਨ ਕਾਰਨ ਇੱਕ ਟ੍ਰਾਂਸਫਾਰਮਰ ਸੜਕ ‘ਤੇ ਡਿੱਗ ਗਿਆ। ਜ਼ੀਰਕਪੁਰ ਵਿੱਚ ਵੀ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ।

ਗਰੀਨ ਐਨਕਲੇਵ ਅਤੇ ਜੰਡਪੁਰ ਵਾਟਰ ਵਰਕਸ ਫੀਡਰ ਵਾਲੇ ਇਲਾਕਿਆਂ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਵਿਭਾਗ ਦੇ ਮੁਲਾਜ਼ਮ ਦੇਰ ਰਾਤ ਤੱਕ ਮੁਰੰਮਤ ਦੇ ਕੰਮ ਵਿੱਚ ਜੁਟੇ ਹੋਏ ਸਨ। ਹਾਲਾਂਕਿ ਕਈ ਘਰਾਂ ਵਿੱਚ ਰਾਤ 9 ਵਜੇ ਦੇ ਕਰੀਬ ਬਿਜਲੀ ਆ ਗਈ ਸੀ, ਪਰ ਪ੍ਰਭਾਵਿਤ ਇਲਾਕਿਆਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਫੇਜ਼-2 ਦੇ ਕਈ ਹਿੱਸਿਆਂ ਵਿੱਚ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ।

Leave a Reply

Your email address will not be published. Required fields are marked *

View in English