ਵੀਡੀਓ ਵਾਇਰਲ ਹੋਣ ਤੋਂ ਬਾਅਦ ਭੜਕੀ ਹਿੰਸਾ
7 ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ
ਸ਼ਿਲਾਂਗ : ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਸਵੇਰੇ ਪੁਲਿਸ ਗੋਲੀਬਾਰੀ ‘ਚ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਅਸਾਮ ਦਾ ਇੱਕ ਵਣ ਗਾਰਡ ਵੀ ਹੈ। ਦੱਸਿਆ ਗਿਆ ਹੈ ਕਿ ਸਰਹੱਦ ਦੇ ਨਾਲ ਲੱਗਦੇ ਜੰਗਲ ਵਿੱਚੋਂ ਕੁਝ ਲੋਕ ਟਰੱਕ ਰਾਹੀਂ ਲੱਕੜਾਂ ਦੀ ਤਸਕਰੀ ਕਰ ਰਹੇ ਸਨ। ਜਦੋਂ ਅਸਾਮ ਪੁਲਿਸ ਅਤੇ ਜੰਗਲਾਤ ਵਿਭਾਗ ਨੇ ਪੱਛਮੀ ਜੈਂਤੀਆ ਪਹਾੜੀਆਂ ਦੇ ਮੁਕਰੋਹ ਵਿਖੇ ਉਨ੍ਹਾਂ ਨੂੰ ਰੋਕਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ।
ਇਸ ਘਟਨਾ ਵਿੱਚ ਮਰਨ ਵਾਲੇ 5 ਲੋਕ ਮੇਘਾਲਿਆ ਦੇ ਰਹਿਣ ਵਾਲੇ ਹਨ। ਖ਼ਬਰ ਫੈਲਦਿਆਂ ਹੀ ਮੇਘਾਲਿਆ ਦੇ 7 ਜ਼ਿਲ੍ਹਿਆਂ ਵਿੱਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਹੁਕਮਾਂ ‘ਤੇ ਇਨ੍ਹਾਂ ਜ਼ਿਲ੍ਹਿਆਂ ‘ਚ 48 ਘੰਟਿਆਂ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਪੱਛਮੀ ਜੈਂਤੀਆ ਪਹਾੜੀਆਂ, ਪੂਰਬੀ ਜੈਂਤੀਆ ਪਹਾੜੀਆਂ, ਪੂਰਬੀ ਖਾਸੀ ਪਹਾੜੀਆਂ, ਰੀ-ਭੋਈ, ਪੂਰਬੀ ਪੱਛਮੀ ਖਾਸੀ ਪਹਾੜੀਆਂ, ਪੱਛਮੀ ਖਾਸੀ ਪਹਾੜੀਆਂ ਅਤੇ ਦੱਖਣ-ਪੱਛਮੀ ਖਾਸੀ ਪਹਾੜੀਆਂ ਸ਼ਾਮਲ ਹਨ।
ਇਸ ਹਾਦਸੇ ਨੂੰ ਦੁਖਦਾਈ ਦੱਸਦੇ ਹੋਏ ਮੇਘਾਲਿਆ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜੋ ਵੀ ਹੋਇਆ ਬਹੁਤ ਦੁਖਦਾਈ ਹੈ। ਮੇਘਾਲਿਆ ਪੁਲਿਸ ਨੇ ਇਸ ਘਟਨਾ ਵਿੱਚ ਐਫਆਈਆਰ ਦਰਜ ਕਰ ਲਈ ਹੈ। ਇਸ ਦੀ ਜਾਂਚ ਕੀਤੀ ਜਾਵੇਗੀ।
ਮੰਗਲਵਾਰ ਸਵੇਰੇ ਗੋਲੀਬਾਰੀ ‘ਚ ਛੇ ਲੋਕਾਂ ਦੀ ਮੌਤ ਦੀ ਸੂਚਨਾ ਸੋਸ਼ਲ ਮੀਡੀਆ ‘ਤੇ ਫੈਲ ਗਈ। ਇਸ ਤੋਂ ਬਾਅਦ ਮੇਘਾਲਿਆ ਦੇ ਸੱਤ ਜ਼ਿਲ੍ਹਿਆਂ ਵਿੱਚ ਹਿੰਸਾ ਸ਼ੁਰੂ ਹੋ ਗਈ। ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਵਟਸਐਪ, ਫੇਸਬੁੱਕ, ਟਵਿਟਰ, ਯੂਟਿਊਬ ਅਗਲੇ 48 ਘੰਟਿਆਂ ਲਈ ਬੰਦ ਰਹਿਣਗੇ। ਪੁਲਿਸ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਨਫਰੀ ਵਧਾ ਦਿੱਤੀ ਹੈ।







