ਫੈਕਟ ਸਮਾਚਾਰ ਸੇਵਾ
ਐੱਸਏਐੱਸ ਨਗਰ , ਨਵੰਬਰ 22
ਮੁਹਾਲੀ ‘ਚ 13 ਨਵੰਬਰ ਦੀ ਰਾਤ ਨੂੰ ਪਿੰਡ ਕੁੰਭੜਾ ਵਿਖੇ ਮਾਮੂਲੀ ਝਗੜੇ ਵਿਚ 6 ਪ੍ਰਵਾਸੀ ਨੌਜਵਾਨਾਂ ਵਲੋਂ ਤੇਜ਼ਧਾਰ ਚਾਕੂਆਂ ਨਾਲ ਕੀਤੇ ਹਮਲੇ ਵਿਚ ਸਿਰ ’ਤੇ ਚਾਕੂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਨਾਬਾਲਿਗ ਦਿਲਪ੍ਰੀਤ ਨੇ 9ਵੇਂ ਦਿਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ ਹੈ। ਇਹ ਖ਼ਬਰ ਮਿਲਦੇ ਹੀ ਪਿੰਡ ਕੁੰਬੜਾ ਵਿਖੇ ਸੋਗ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੀ ਪਿੰਡ ਕੁੰਬੜਾ ਵਿਖੇ ਪਹੁੰਚ ਗਏ ਅਤੇ ਪਿੰਡ ਨੂੰ ਜਾਂਦੇ ਮੁੱਖ ਰਸਤਿਆਂ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਹੋ ਗਏ ਸਨ।
ਡੀ.ਐਸ.ਪੀ. ਹਰਸਿਮਰਤ ਸਿੰਘ ਛੇਤਰਾ, ਡੀ.ਐਸ.ਪੀ ਤਲਵਿੰਦਰ ਸਿੰਘ ਗਿੱਲ ਨੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਹਮਲੇ ਤੋਂ ਬਾਅਦ ਦਿਲਪ੍ਰੀਤ ਦਾ ਇਲਾਜ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ ਅਤੇ ਬੀਤੇ ਦਿਨ ਹੀ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਤੋਂ ਪੀ.ਜੀ.ਆਈ ਰੈਫਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿੰਡ ਕੁੰਭੜਾ ‘ਚ ਹੋਏ ਹਮਲੇ ਦੌਰਾਨ ਦਿਲਪ੍ਰੀਤ ਦੇ ਦੋਸਤ ਦਮਨ ਦੀ ਛਾਤੀ ਵਿਚ ਚਾਕੂ ਦਾ ਵਾਰ ਹੋਣ ਕਾਰਨ ਉਸ ਰਾਤ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਅਤੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਣ ਕਾਰਨ ਦਿਲਪ੍ਰੀਤ ਸਿੰਘ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਨੇ ਪੀ.ਜੀ.ਆਈ ਚੰਡੀਗੜ੍ਹ ਵਿਚ ਦਮ ਤੋੜ ਦਿੱਤਾ ਹੈ। ਇਸ ਮਾਮਲੇ ‘ਚ ਥਾਣਾ ਫੇਸ 8 ਦੀ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਇੱਕ ਨਾਬਾਲਗ ਸਮੇਤ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 2 ਹੋਰ ਮੁਲਜ਼ਮਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਫੇਜ਼ 8 ਦੀ ਪੁਲੀਸ ਨੇ ਮ੍ਰਿਤਕ ਦਮਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਦੇ ਖਿਲਾਫ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।







