*ਅੰਮ੍ਰਿਤਸਰ ਵਿੱਚ ਵਾਲਮੀਕਿ ਤੀਰਥ ਸਥਾਨ ਦੇ ਕੋਲ ਬਣੇਗਾ ਵਿਸ਼ਾਲ ਲਵ-ਕੁਸ਼ ਅਤੇ ਜਾਨਕੀ ਮੰਦਰ- ਕੇਜਰੀਵਾਲ*
*ਲਵ-ਕੁਸ਼ ਦਾ ਇੱਥੇ ਹੀ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਭਗਵਾਨ ਰਾਮ ਦੇ ਅਸ਼ਵਮੇਧ ਘੋੜੇ ਨੂੰ ਇੱਥੇ ਹੀ ਰੋਕਿਆ ਸੀ- ਕੇਜਰੀਵਾਲ*
ਨਵੀਂ ਦਿੱਲੀ, 28 ਜੂਨ
ਪੰਜਾਬ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਨੇੜੇ ਲਵ-ਕੁਸ਼ ਅਤੇ ਮਾਤਾ ਜਾਨਕੀ ਦੇ ਇੱਕ ਵਿਸ਼ਾਲ ਅਤੇ ਸ਼ਾਨਦਾਰ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਿਸ਼ਾਲ ਲਵ-ਕੁਸ਼ ਮੰਦਰ ਦੇ ਨਿਰਮਾਣ ਦਾ ਸਿਧਾਂਤਕ ਫੈਸਲਾ ਲਿਆ ਹੈ। ਜਲਦੀ ਹੀ ਇਸ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਲਵ-ਕੁਸ਼ ਦਾ ਜਨਮ ਇੱਥੇ ਹੀ ਹੋਇਆ ਸੀ ਅਤੇ ਉਨ੍ਹਾਂ ਨੇ ਭਗਵਾਨ ਰਾਮ ਦੇ ਅਸ਼ਵਮੇਧ ਘੋੜੇ ਨੂੰ ਇੱਥੇ ਹੀ ਰੋਕਿਆ ਸੀ। ਇਸ ਮੰਦਰ ਦੇ ਬਣਨ ਨਾਲ ਨਾ ਸਿਰਫ਼ ਪੰਜਾਬ ਅਤੇ ਦੇਸ਼, ਸਗੋਂ ਪੂਰੀ ਦੁਨੀਆ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਮਾਤਾ ਜਾਨਕੀ ਦੇ ਨਾਮ ‘ਤੇ ਉਨ੍ਹਾਂ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਸ਼ਾਨਦਾਰ ਮੰਦਰ ਬਣਾਇਆ ਜਾਵੇਗਾ। ਮੈਂ ਸਮਝਦਾ ਹਾਂ ਕਿ ਅੰਮ੍ਰਿਤਸਰ ਪੂਰੀ ਦੁਨੀਆ ਵਿੱਚ ਸਭ ਤੋਂ ਪਵਿੱਤਰ ਧਰਤੀ ਹੈ। ਇੱਥੇ ਹਰ ਧਰਮ ਦੇ ਲੋਕ ਹਨ ਅਤੇ ਹਰ ਧਰਮ ਦੇ ਅਸਥਾਨ ਹਨ। ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹੈ, ਜਿੱਥੇ ਪੂਰੀ ਦੁਨੀਆ ਤੋਂ ਸਾਰੇ ਧਰਮਾਂ ਦੇ ਲੋਕ ਨਤਮਸਤਕ ਹੋਣ ਅਤੇ ਮੰਨਤਾਂ ਮੰਗਣ ਆਉਂਦੇ ਹਨ। ਉੱਥੇ ਜਾਣ ਨਾਲ ਉਨ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇੱਥੇ ਦੁਰਗਿਆਣਾ ਮੰਦਰ ਹੈ। ਦੇਸ਼ ਭਗਤਾਂ ਲਈ ਜਲ੍ਹਿਆਂਵਾਲਾ ਬਾਗ ਹੈ ਅਤੇ ਵਾਘਾ ਬਾਰਡਰ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇੱਥੇ ਹੀ ਭਗਵਾਨ ਵਾਲਮੀਕਿ ਤੀਰਥ ਸਥਾਨ ਹੈ, ਜਿੱਥੇ ਭਗਵਾਨ ਵਾਲਮੀਕਿ ਨੇ ਰਾਮਾਇਣ ਲਿਖੀ ਸੀ। ਮਾਤਾ ਸੀਤਾ ਇੱਥੇ ਹੀ ਵਾਲਮੀਕਿ ਆਸ਼ਰਮ ਵਿੱਚ ਰਹੇ ਸਨ, ਲਵ-ਕੁਸ਼ ਨੇ ਇੱਥੇ ਹੀ ਜਨਮ ਲਿਆ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਵੀ ਇੱਥੇ ਹੀ ਹੋਈ ਸੀ। ਜਦੋਂ ਭਗਵਾਨ ਰਾਮ ਨੇ ਆਪਣਾ ਅਸ਼ਵਮੇਧ ਦਾ ਘੋੜਾ ਛੱਡਿਆ ਸੀ, ਜਿਸ ਨੂੰ ਪੂਰੀ ਦੁਨੀਆ ਵਿੱਚ ਕੋਈ ਨਹੀਂ ਰੋਕ ਸਕਿਆ ਸੀ, ਉਦੋਂ ਲਵ-ਕੁਸ਼ ਨੇ ਉਸ ਘੋੜੇ ਨੂੰ ਰੋਕਿਆ ਸੀ ਅਤੇ ਇੱਥੇ ਹੀ ਇੱਕ ਰੁੱਖ ਨਾਲ ਬੰਨ੍ਹ ਕੇ ਰੱਖਿਆ ਸੀ। ਇਹ ਸਾਰੇ ਧਰਮਾਂ ਲਈ ਬਹੁਤ ਹੀ ਪਵਿੱਤਰ ਧਰਤੀ ਹੈ ਅਤੇ ਖਾਸ ਕਰਕੇ ਹਿੰਦੂ ਧਰਮ ਤੇ ਵਾਲਮੀਕਿ ਸਮਾਜ ਦੇ ਸਾਰੇ ਲੋਕਾਂ ਲਈ ਇਹ ਬਹੁਤ ਵੱਡੀ ਅਕੀਦਤ ਅਤੇ ਆਸਥਾ ਦੀ ਜਗ੍ਹਾ ਹੈ।
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਉੱਥੇ ਇਸ ਵੇਲੇ ਭਗਵਾਨ ਵਾਲਮੀਕਿ ਦਾ ਤੀਰਥ ਅਸਥਾਨ ਹੈ, ਉਸ ਦੇ ਬਿਲਕੁਲ ਨਾਲ ਹੀ ਲਵ-ਕੁਸ਼ ਅਤੇ ਮਾਤਾ ਜਾਨਕੀ ਲਈ ਇੱਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਅਜੇ ਸਿਧਾਂਤਕ ਤੌਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਕੀ ਵੇਰਵੇ ਹੋਣਗੇ ਅਤੇ ਇਹ ਕਿਵੇਂ ਹੋਵੇਗਾ, ਇਸ ‘ਤੇ ਕੰਮ ਚੱਲ ਰਿਹਾ ਹੈ ਅਤੇ ਜਿਵੇਂ-ਜਿਵੇਂ ਕੰਮ ਅੱਗੇ ਵਧੇਗਾ, ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ।







