ਫੈਕਟ ਸਮਾਚਾਰ ਸੇਵਾ
ਸ਼ਿਮਲਾ, ਜਨਵਰੀ 19
ਹਿਮਾਚਲ ਪ੍ਰਦੇਸ਼ ‘ਚ ਹੋਈ ਬਰਫਬਾਰੀ ਤੋਂ ਬਾਅਦ ਅਟਲ ਸੁਰੰਗ ਰੋਹਤਾਂਗ ਨੂੰ ਫਿਰ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਟਲ ਸੁਰੰਗ ਦੇ ਦੱਖਣੀ ਪੋਰਟਲ ‘ਤੇ ਲਗਭਗ ਤਿੰਨ ਇੰਚ ਬਰਫਬਾਰੀ ਹੋਈ। ਮਨਾਲੀ ਸਮੇਤ ਸੋਲੰਗਨਾਲਾ, ਧੁੰਧੀ, ਪਲਚਾਨ ‘ਚ ਹਲਕੀ ਬਰਫਬਾਰੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਲਾਹੌਲ ਘਾਟੀ ‘ਚ ਭਾਰੀ ਬਰਫਬਾਰੀ ਤੋਂ ਬਾਅਦ ਬੰਦ ਹੋਈ ਅਟਲ ਸੁਰੰਗ ਰੋਹਤਾਂਗ ਨੂੰ ਮੰਗਲਵਾਰ ਨੂੰ ਹੀ ਖੋਲ੍ਹਿਆ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਸੈਲਾਨੀ ਵਾਹਨਾਂ ਨੂੰ ਵੀ ਅਟਲ ਸੁਰੰਗ ਦੇ ਉੱਤਰੀ ਪੋਰਟਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ। ਪਰ ਅੱਜ ਮੁੜ ਸੁਰੰਗ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ।
ਹਿਮਾਚਲ ਪ੍ਰਦੇਸ਼ ਵਿੱਚ ਅੱਠ ਦਿਨਾਂ ਤੱਕ ਮੌਸਮ ਖਰਾਬ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਸ਼ਿਮਲਾ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਤੱਕ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਹੇਠ 20 ਜਨਵਰੀ ਤੱਕ ਚੰਬਾ, ਲਾਹੌਲ-ਸਪੀਤੀ, ਕਿਨੌਰ, ਕੁੱਲੂ, ਕਾਂਗੜਾ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਹੇਠਲੇ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਇਕ ਹੋਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦਾ ਅਸਰ 20 ਜਨਵਰੀ ਦੀ ਰਾਤ ਤੋਂ ਹਿਮਾਚਲ ‘ਚ ਦੇਖਣ ਨੂੰ ਮਿਲੇਗਾ। ਇਸ ਕਾਰਨ ਸੂਬੇ ਵਿੱਚ 21 ਤੋਂ 26 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦਾ ਸਿਲਸਿਲਾ ਹੋਰ ਵਧਣ ਦੀ ਸੰਭਾਵਨਾ ਹੈ। 24 ਤੋਂ 26 ਜਨਵਰੀ ਤੱਕ ਭਾਰੀ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਕਿਨੌਰ, ਲਾਹੌਲ-ਸਪੀਤੀ, ਕੁੱਲੂ ਦੇ ਨਾਲ-ਨਾਲ ਸ਼ਿਮਲਾ, ਚੰਬਾ, ਕਾਂਗੜਾ, ਮੰਡੀ, ਸਿਰਮੌਰ ਜ਼ਿਲਿਆਂ ਅਤੇ ਆਸ-ਪਾਸ ਉੱਚਾਈ ਵਾਲੇ ਇਲਾਕਿਆਂ ‘ਚ ਭਾਰੀ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਸ਼ਿਮਲਾ ਸ਼ਹਿਰ ਵਿੱਚ ਵੀ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।







