ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਜਨਵਰੀ 5
ਮਜੀਠਾ ਹਲਕੇ ‘ਚ ਸਰਕਾਰੀ ਸਕੂਲ ‘ਚ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੀਆਂ ਤਿੰਨ ਵਿਦਿਆਰਥੀਆਂ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਸਤਿਨਾਮ ਸਿੰਘ ਨੇ ਕਾਰਵਾਈ ਕਰਦਿਆਂ ਰਾਕੇਸ਼ ਕੁਮਾਰ, ਈਟੀਟੀ ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਭਗਵਾ, ਬਲਾਕ ਮਜੀਠਾ-1 ਜ਼ਿਲ੍ਹਾ ਅੰਮ੍ਰਿਤਸਰ ਵਿਰੁੱਧ ਗੰਭੀਰ ਦੋਸ਼ ਹੋਣ ਕਾਰਨ ਪੰਜਾਬ ਸਿਵਲ ਸੇਵਾਵਾ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਦੇ ਨਿਯਮ 1 ਅਨੁਸਾਰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਉਪਰੰਤ ਇਸ ਕਰਮਚਾਰੀ ਦਾ ਹੈੱਡਕੁਆਟਰ ਜ਼ਿਲ੍ਹਾ ਸਿੱਖਿਆ ਅਫਸਰ ਤਰਨਤਾਰਨ ਵਿਖੇ ਹੋਵੇਗਾ।
ਕਰਮਚਾਰੀ ਨੂੰ ਨਿਯਮਾਂ/ਰੂਲਾ ਅਨੁਸਾਰ ਮੁਅੱਤਲੀ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਇਸ ਦੇ ਨਾਲ ਹੀ ਜਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਨੂੰ ਇਹ ਪੱਤਰ ਭੇਜਦੇ ਹੋਏ ਲਿਖਿਆ ਹੈ ਕਿ ਕਰਮਚਾਰੀ ਨੂੰ ਆਪਣੇ ਪੱਧਰ ਤੇ ਦੋਸ਼ ਸੂਚੀ 2 ਦਿਨਾਂ ਦੇ ਅੰਦਰ-ਅੰਦਰ ਜਾਰੀ ਕਰ ਕੇ ਕਾਪੀ ਇਸ ਦਫਤਰ ਨੂੰ ਭੇਜੀ ਜਾਵੇ ਅਤੇ ਨਾਲ ਹੀ ਦੋਸ਼ ਸੂਚੀ ਵਿੱਚ ਲਗਾਏ ਜਾਣ ਵਾਲੇ ਦੋਸ਼ਾਂ ਦੀ ਪੜਤਾਲ ਕਰਵਾ ਕੇ ਰਿਪੋਰਟ ਦਫਤਰ ਨੂੰ ਜਲਦ ਤੋਂ ਜਲਦ ਭੇਜੀ ਜਾਵੇ।
ਇਸ ਮਾਮਲੇ ਸਬੰਧੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪੋਸਟ ਕਰ ਕੇ ਲਿਖਿਆ ਸੀ ਕਿ ਮਜੀਠਾ ਹਲਕੇ ਵਿਚ ਸਰਕਾਰੀ ਸਕੂਲ ਵਿਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਕਰਨਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿਚ ਬੇਸ਼ੱਕ ਕੇਸ ਤਾਂ ਦਰਜ ਹੋ ਗਿਆ ਹੈ ਪਰ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਕੋਈ ਨਹੀਂ ਹੋ ਰਹੀ। ਅਜਿਹੇ ਅਧਿਆਪਕ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।







