ਫਾਈਨਲ ਵਿੱਚ ਬੰਗਲਾਦੇਸ਼ ਨੂੰ 120 ਦੌੜਾਂ ਨਾਲ ਹਰਾਇਆ
ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਤੀਜੀ ਵਾਰ ਬਲਾਈਂਡ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 120 ਦੌੜਾਂ ਨਾਲ ਹਰਾਇਆ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਫਾਈਨਲ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 3 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਤਿਹਾਸ ਰਚਦਿਆਂ ਤੀਜੀ ਵਾਰ ਇਹ ਟਰਾਫੀ ਜਿੱਤੀ।
ਭਾਰਤ ਇਸ ਤੋਂ ਪਹਿਲਾਂ 2012, 2017 ਅਤੇ ਫਿਰ 2022 ਵਿੱਚ ਇਹ ਖਿਤਾਬ ਜਿੱਤ ਚੁੱਕਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਸੁਨੀਲ ਰਮੇਸ਼ (ਅਜੇਤੂ 136) ਅਤੇ ਅਜੇ ਕੁਮਾਰ ਰੈੱਡੀ (100) ਦੇ ਸੈਂਕੜੇ ਦੀ ਬਦੌਲਤ 277 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 157 ਦੌੜਾਂ ਹੀ ਬਣਾ ਸਕੀ।
ਮੈਨ ਆਫ ਦਿ ਮੈਚ ਦਾ ਖਿਤਾਬ ਜਿੱਤਣ ਵਾਲੇ ਸੁਨੀਲ ਨੇ ਟੂਰਨਾਮੈਂਟ ‘ਚ ਲਗਾਤਾਰ ਤੀਜਾ ਸੈਂਕੜਾ ਜੜਦਿਆਂ 63 ਗੇਂਦਾਂ ‘ਚ 24 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 136 ਦੌੜਾਂ ਬਣਾਈਆਂ, ਜਦਕਿ ਕਪਤਾਨ ਅਜੇ ਨੇ 50 ਗੇਂਦਾਂ ‘ਚ 18 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਲਈ ਸਲਾਮੀ ਬੱਲੇਬਾਜ਼ ਸਲਮਾਨ ਨੇ 66 ਗੇਂਦਾਂ ‘ਤੇ 77 ਦੌੜਾਂ ਬਣਾਈਆਂ, ਹਾਲਾਂਕਿ ਉਨ੍ਹਾਂ ਨੂੰ ਕੋਈ ਸਾਥ ਨਹੀਂ ਮਿਲਿਆ। ਭਾਰਤ ਨੇ ਤੀਜੀ ਵਾਰ ਨੇਤਰਹੀਣਾਂ ਦਾ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਜਦਕਿ ਇਸ ਤੋਂ ਪਹਿਲਾਂ ਟੀਮ ਨੇ 2012 ਅਤੇ 2017 ‘ਚ ਵੀ ਇਹ ਖਿਤਾਬ ਜਿੱਤਿਆ ਸੀ।







