ਕੇਜਰੀਵਾਲ ‘ਤੇ ਸੁਪਰੀਮ ਕੋਰਟ ਵਿਚ ਸੁਣਵਾਈ ਅੱਜ
ED ਦੀ ਕਾਰਵਾਈ ਨੂੰ ਦਿੱਤੀ ਚੁਣੌਤੀ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅੱਜ ਦਾ ਦਿਨ ਅਹਿਮ ਹੈ। ਕੇਜਰੀਵਾਲ ਨਾਲ ਜੁੜੇ ਮਾਮਲੇ ‘ਚ ਅੱਜ ਸੁਣਵਾਈ ਹੋਣੀ ਹੈ। ਪਹਿਲੀ ਸੁਣਵਾਈ ਹਾਈਕੋਰਟ ਦੇ ਉਸ ਫੈਸਲੇ ਖਿਲਾਫ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ‘ਤੇ ਹੋਵੇਗੀ, ਜਿਸ ‘ਚ ਹਾਈਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਜਾਇਜ਼ ਠਹਿਰਾਇਆ ਸੀ। ਇਸ ਦੇ ਨਾਲ ਹੀ ਦੂਸਰੀ ਸੁਣਵਾਈ ਰਾਉਸ ਐਵੇਨਿਊ ਕੋਰਟ ‘ਚ ਹੋਵੇਗੀ ਜਿੱਥੇ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਧਾਉਣ ‘ਤੇ ਫੈਸਲਾ ਲਿਆ ਜਾਵੇਗਾ। ਸੁਣਵਾਈ ਦੌਰਾਨ ਕੇਜਰੀਵਾਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ।
ਮੇਰੀ ਗ੍ਰਿਫਤਾਰੀ ਲੋਕਤੰਤਰ ਦੇ ਸਿਧਾਂਤਾਂ ‘ਤੇ ਹਮਲਾ’
ਅਰਵਿੰਦ ਕੇਜਰੀਵਾਲ ਨੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਹੈ, ਜਿਸ ‘ਤੇ ਸੁਪਰੀਮ ਕੋਰਟ ਦੇ ਜਸਟਿਸ ਸੰਜੀਵ ਖੰਨਾ ਅਤੇ ਦੀਪਾਂਕਰ ਦੱਤਾ ਦੀ ਬੈਂਚ ਸੁਣਵਾਈ ਕਰੇਗੀ। ਸੀਐਮ ਕੇਜਰੀਵਾਲ ਦੀ ਤਰਫੋਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਤੁਰੰਤ ਦਖਲ ਦੀ ਮੰਗ ਕੀਤੀ ਗਈ ਹੈ। ਕੇਜਰੀਵਾਲ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ‘ਮੇਰੀ ਗ੍ਰਿਫਤਾਰੀ ਨਿਰਪੱਖ ਚੋਣਾਂ ‘ਤੇ ਆਧਾਰਿਤ ਲੋਕਤੰਤਰ ਦੇ ਸਿਧਾਂਤਾਂ ‘ਤੇ ਹਮਲਾ ਹੈ।’
ਈਡੀ ਨੇ ਅਜਿਹਾ ਸਿਆਸੀ ਵਿਰੋਧੀਆਂ ਦੀ ਆਜ਼ਾਦੀ ‘ਤੇ ਹਮਲਾ ਕਰਨ ਲਈ ਕੀਤਾ ਹੈ। ਈਡੀ ਕੋਲ ਅਜਿਹੀ ਕੋਈ ਸਮੱਗਰੀ ਨਹੀਂ ਹੈ ਜਿਸ ਦੇ ਆਧਾਰ ‘ਤੇ ਪੀਐਮਐਲਏ ਦੀ ਧਾਰਾ 19 ਦੇ ਤਹਿਤ ਅਪਰਾਧ ਦਾ ਅਨੁਮਾਨ ਲਗਾਇਆ ਜਾ ਸਕੇ। ਈਡੀ ਦੁਆਰਾ ਕੀਤੀ ਗਈ ਗ੍ਰਿਫਤਾਰੀ ਸਹਿ-ਮੁਲਜ਼ਮ ਦੇ ਵਿਰੋਧੀ ਬਿਆਨਾਂ ‘ਤੇ ਅਧਾਰਤ ਹੈ। ਇਹ ਸਹਿ-ਦੋਸ਼ੀ ਹੁਣ ਸਰਕਾਰੀ ਗਵਾਹ ਬਣ ਗਏ ਹਨ।
‘ਆਪ’ ਦੇ ਦੋ ਮੁੱਖ ਮੰਤਰੀ ਤਿਹਾੜ ‘ਚ ਮਿਲਣਗੇ
ਤੁਹਾਨੂੰ ਦੱਸ ਦੇਈਏ ਕਿ ਕਈ ਦਿਨਾਂ ਦੀ ਜਾਂਚ ਅਤੇ ਬੈਠਕ ਤੋਂ ਬਾਅਦ ਤਿਹਾੜ ਜੇਲ ‘ਚ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਮੁਲਾਕਾਤ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਅੱਜ ਦੁਪਹਿਰ 12 ਵਜੇ ਭਗਵੰਤ ਮਾਨ ਤਿਹਾੜ ਜੇਲ੍ਹ ‘ਚ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਲੈ ਕੇ ਪੰਜਾਬ ਪੁਲਸ ਦੇ ਏਡੀਜੀ ਅਤੇ ਤਿਹਾੜ ਜੇਲ ਦੇ ਅਧਿਕਾਰੀਆਂ ਵਿਚਾਲੇ ਕਰੀਬ ਤਿੰਨ ਘੰਟੇ ਤੱਕ ਬੈਠਕ ਹੋਈ, ਜਿਸ ‘ਚ ਮੁੱਖ ਮੰਤਰੀ ਦੇ ਪ੍ਰੋਟੋਕੋਲ, ਉਨ੍ਹਾਂ ਦੀ ਸੁਰੱਖਿਆ ਅਤੇ ਜੇਲ ਮੈਨੂਅਲ ‘ਤੇ ਚਰਚਾ ਕੀਤੀ ਗਈ। ਭਗਵੰਤ ਮਾਨ ਅਤੇ ਕੇਜਰੀਵਾਲ ਦੀ ਇਸ ਮੁਲਾਕਾਤ ਲਈ ਤਿਹਾੜ ਜੇਲ੍ਹ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।







