ਫੈਕਟ ਸਮਾਚਾਰ ਸੇਵਾ
ਹਰੀਕੇ ਪੱਤਣ , ਦਸੰਬਰ 11
ਥਾਣਾ ਸਰਹਾਲੀ ‘ਤੇ ਦਾਗੇ ਗਏ ਗ੍ਰੇਨੇਡ ਨੂੰ ਪੁਲਿਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਕਰੀਬ ਸਵਾ ਤਿੰਨ ਵਜੇ ਹਰੀਕੇ ਦਰਿਆ ਦੇ ਡਾਊਨ ਸਟ੍ਰੀਮ ਖੇਤਰ ‘ਚ ਪੈਂਦੇ ਪਿੰਡ ਗੱਟੀ ਹਰੀਕੇ ਵਿਖੇ ਨਕਾਰਾ ਕਰ ਦਿੱਤਾ ਗਿਆ ਜਿਸ ਦੇ ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ। ਇਸ ਮੌਕੇ ਪੰਜਾਬ ਪੁਲਿਸ ਦੇ ਡੀਐੱਸਪੀ ਤੋ ਇਲਾਵਾ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਹਾਜ਼ਰ ਰਹੇ ਉੱਥੇ ਹੀ ਮੀਡੀਆ ਅਤੇ ਹੋਰ ਲੋਕਾਂ ਨੂੰ ਇਕ ਕਿੱਲੋਮੀਟਰ ਦੀ ਦੂਰੀ ‘ਤੇ ਹੀ ਰੋਕ ਦਿੱਤਾ ਗਿਆ।
ਥਾਣਾ ਸਰਹਾਲੀ ‘ਤੇ ਹੋਏ ਗ੍ਰੇਨੇਡ ਹਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸਰਹਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਆਈਏ ਦੇ ਨਾਲ ਸੀਐੱਸਐੱਫਐੱਲ ਦੀ ਟੀਮ ਵੀ ਮੌਜੂਦ ਹੈ ਜੋ ਫੋਰੈਂਸਿਕ ਤੱਥ ਇਕੱਤਰ ਕਰ ਰਹੀ ਹੈ। ਥਾਣੇ ਨੂੰ ਫਿਲਹਾਲ ਤਾਲਾ ਲਗਾਇਆ ਹੋਇਆ ਹੈ। ਮਾਮਲਾ ਵੱਡਾ ਹੋਣ ਕਰਕੇ ਐੱਨਆਈਏ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ‘ਚ ਲੈ ਸਕਦੀ ਹੈ। ਉੱਥੇ ਹੀ ਥਾਣਾ ਸਰਹਾਲੀ ਦੇ ਐੱਸਐੱਚਓ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਨੂੰ ਵੀ ਬਦਲ ਦਿੱਤਾ ਗਿਆ ਹੈ ਅਤੇ ਨਵੇਂ ਐੱਸਐੱਚਓ ਵਜੋਂ ਸੁਖਬੀਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ।







