ਫੈਕਟ ਸਮਾਚਾਰ ਸੇਵਾ
ਸਿਲੀਗੂੜੀ , ਅਕਤੂਬਰ 26
ਬੰਗਾਲ ਦੇ ਸਿਲੀਗੂੜੀ ਜ਼ਿਲ੍ਹੇ ਦੇ ਨਿਊ ਜਲਪਾਈਗੁਡ਼ੀ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦੇ ਇਕ ਪੁਰਾਣੇ ਡੱਬੇ ਦਾ ਨਵੀਨੀਕਰਨ ਕਰ ਕੇ ਉਸ ਨੂੰ ਰੈਸਟੋਰੈਂਟ ’ਚ ਤਬਦੀਲ ਕਰ ਦਿੱਤਾ ਗਿਆ। ਇਸ ਕੋਚ ’ਚ ਇਕ ਸਮੇਂ ਦੌਰਾਨ 32 ਲੋਕ ਬੈਠ ਕੇ ਖਾਣਾ ਖਾ ਸਕਦੇ ਹਨ।
ਨਿਊ ਜਲਪਾਈਗੂੜੀ ਜੰਕਸ਼ਨ ਦੇ ਐਡੀਸ਼ਨਲ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਚਿਲਵਾਰਵਾਰ ਨੇ ਦੱਸਿਆ ਕਿ ਇਸ ਰੈਸਟੋਰੈਂਟ ’ਚ ਉੱਤਰੀ ਅਤੇ ਦੱਖਣੀ ਭਾਰਤੀ ਪਕਵਾਨਾਂ ਤੋਂ ਲੈ ਕੇ ਚੀਨੀ ਤੱਕ ਹਰ ਤਰ੍ਹਾਂ ਦੇ ਪਕਵਾਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਨਾ ਸਿਰਫ਼ ਰੇਲਵੇ ਦੀ ਆਮਦਨ ਵਧਾਉਣ ’ਚ ਮਦਦ ਕਰੇਗਾ, ਸਗੋਂ ਯਾਤਰੀਆਂ ਨੂੰ ਰੇਲ ਦੇ ਡੱਬੇ ’ਚ ਖਾਣ-ਪੀਣ ਦਾ ਵੱਖਰਾ ਅਨੁਭਵ ਵੀ ਮਿਲੇਗਾ। ਇੱਥੇ ਸਿਰਫ਼ ਰੇਲ ਯਾਤਰੀ ਹੀ ਨਹੀਂ ਸਗੋਂ ਆਮ ਲੋਕ ਵੀ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ। ਰੇਲਵੇ ਅਧਿਕਾਰੀ ਨੇ ਕਿਹਾ ਕਿ ਉੱਤਰ ਪੂਰਬ ਫਰੰਟੀਅਰ ਰੇਲਵੇ ਦਾਰਜੀਲਿੰਗ ਹਿਮਾਲਿਅਨ ਰੇਲਵੇ ਦੇ ਸੁਕਨਾ, ਤਿੰਧਰਾ, ਕੁਰਸੇਓਂਗ ਤੇ ਦਾਰਜੀਲਿੰਗ ਸਟੇਸ਼ਨਾਂ ’ਤੇ ਅਜਿਹੇ ਰੈਸਟੋਰੈਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਰੈਸਟੋਰੈਂਟ ਦੇ ਸੰਚਾਲਕ ਸ਼ਿਸ਼ਿਰ ਹਲਦਰ ਨੇ ਦੱਸਿਆ ਕਿ ਵੱਡੀ ਗਿਣਤੀ ’ਚ ਲੋਕ ਨਿਊ ਜਲਪਾਈਗੂੜੀ ਸਟੇਸ਼ਨ ਤੋਂ ਸਫਰ ਕਰਦੇ ਹਨ ਅਤੇ ਉਹ ਖਾਣ ਲਈ ਆਸ-ਪਾਸ ਦੀਆਂ ਥਾਵਾਂ ਲੱਭਦੇ ਹਨ। ਇਹ ਉਪਰਾਲਾ ਉਨ੍ਹਾਂ ਲਈ ਕਾਫੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਾਣੇ ਕੋਚ ਦੇ ਨਵੀਨੀਕਰਨ ਤੋਂ ਬਾਅਦ ਰੇਲਵੇ ਨੇ ਇਸ ਨੂੰ ਲਾਇਸੰਸਧਾਰਕ ਨੂੰ ਸੌਂਪ ਦਿੱਤਾ ਹੈ। ਉਸ ਨੇ 30 ਲੱਖ ਰੁਪਏ ਖਰਚ ਕੇ ਇਸ ਨੂੰ ਬਹੁਤ ਆਕਰਸ਼ਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ’ਚ 40 ਕਰਮਚਾਰੀ ਕੰਮ ਕਰਦੇ ਹਨ ਅਤੇ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।







