ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 21
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਹਨ। ਇਸ ਕੜੀ ‘ਚ ਨਿਤੀਸ਼ ਕੁਮਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਵੀ ਮੌਜੂਦ ਸਨ।
ਜਾਣਕਾਰੀ ਅਨੁਸਾਰ ਨਿਤੀਸ਼ ਕੁਮਾਰ ਤੈਅ ਸਮੇਂ ਮੁਤਾਬਕ ਸਵੇਰੇ ਕਰੀਬ 11.30 ਵਜੇ ਸੇਵਿਲ ਲਾਈਨਜ਼ ਸਥਿਤ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਹੁੰਚੇ। ਉਨ੍ਹਾਂ ਦੇ ਨਾਲ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਜੇਡੀਯੂ ਦੇ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਸਾਂਸਦ ਮੈਂਬਰ ਮਨੋਜ ਝਾਅ ਵੀ ਪਹੁੰਚੇ।
ਇਸ ਮੁਲਾਕਾਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਕਾਰਦਿਆਂ ਕੇਂਦਰ ਵੱਲੋਂ ਦਿੱਲੀ ਦੇ ਹੱਕ ਵਿੱਚ ਆਰਡੀਨੈਂਸ ਲਿਆਉਣ ਦੇ ਮੁੱਦੇ ’ਤੇ ਉਹ ਦਿੱਲੀ ਦੇ ਲੋਕਾਂ ਨਾਲ ਖੜ੍ਹੇ ਹਨ। ਜੇਕਰ ਕੇਂਦਰ ਇਸ ਆਰਡੀਨੈਂਸ ਨੂੰ ਬਿੱਲ ਦੇ ਰੂਪ ‘ਚ ਲਿਆਉਂਦਾ ਹੈ ਤਾਂ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕੱਠੇ ਹੋਣ ‘ਤੇ ਇਸ ਨੂੰ ਰਾਜ ਸਭਾ ‘ਚ ਹਰਾਇਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਸੰਦੇਸ਼ ਹੋ ਸਕਦਾ ਹੈ ਕਿ 2024 ਵਿੱਚ ਭਾਜਪਾ ਸਰਕਾਰ ਨੂੰ ਬਾਹਰ ਹੋ ਜਾਵੇਗੀ।







