ਫੈਕਟ ਸਮਾਚਾਰ ਸੇਵਾ
ਪਟਿਆਲਾ , ਦਸੰਬਰ 5
ਕੇਂਦਰੀ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਕਹੇ ਮੁਤਾਬਕ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਰਾਜੋਆਣਾ ਨੇ ਖਾਣਾ ਨਹੀਂ ਖਾਧਾ। ਜੇਲ੍ਹ ਅਧਿਕਾਰੀਆਂ ਅਨੁਸਾਰ ਰਾਜੋਆਣਾ ਨੂੰ ਖਾਣਾ ਖਾਣ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨੇ। ਅੱਜ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੀ ਜੇਲ੍ਹ ‘ਚ ਮੁਲਾਕਾਤ ਕਰਨ ਲਈ ਪੁੱਜ ਰਹੇ ਹਨ ਜਿਨ੍ਹਾਂ ਵੱਲੋਂ ਰਾਜੋਆਣਾ ਦੀ ਭੁੱਖ ਹੜਤਾਲ ਅਤੇ ਹੋਰ ਫਾਂਸੀ ਸਜ਼ਾ ਮਾਫੀ ਦੀ ਅਪੀਲ ਬਾਰੇ ਗੱਲ ਕੀਤੀ ਜਾਵੇਗੀ।
ਦੱਸ ਦੇਈਏ ਕਿ ਰਾਜੋਆਣਾ ਦੀ ਕਰੀਬ 12 ਸਾਲ ਤੋਂ ਪਟਿਆਲਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਫਾਂਸੀ ਸਜ਼ਾ ਮਾਫੀ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਅਪੀਲ ਪਾਈ ਗਈ ਸੀ। ਅਦਾਲਤ ਵਲੋਂ ਇਸ ਬਾਰੇ ਕੇਂਦਰ ਸਰਕਾਰ ਨੂੰ ਫੈਸਲਾ ਲੈਣ ਬਾਰੇ ਕਿਹਾ ਗਿਆ ਸੀ। ਲੰਮੇ ਸਮੇਂ ਤੋਂ ਇਸ ਅਪੀਲ ਤੇ ਕੇਂਦਰ ਸਰਕਾਰ ਵਲੋਂ ਫੈਸਲਾ ਨਾ ਲੈਣ ਤੇ ਅਕਾਲੀ ਦਲ ਵਲੋਂ ਪੂਰੀ ਪੈਰਵਾਈ ਨਾ ਕਰਨ ਕਰਕੇ ਬਲਵੰਤ ਸਿੰਘ ਰਾਜੋਆਣਾ ਨਰਾਜ਼ ਹਨ। ਰਾਜੋਆਣਾ ਨੇ ਬੀਤੇ ਦਿਨੀਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ‘ਚ ਦਖਲ ਦੇਣ ਤੇ ਅਕਾਲੀ ਦਲ ਵਲੋਂ ਪਾਈ ਅਪੀਲ ਵਾਪਸ ਲੈਣ ਲਈ ਕਿਹਾ ਸੀ। ਅਜਿਹਾ ਨਾ ਹੋਣ ਦੀ ਸੂਰਤ ਵਿਚ 5 ਦਸੰਬਰ ਤੋਂ ਭੁੱਖ ਹੜਤਾਲ ਦੀ ਚਿਤਾਵਨੀ ਦਿਤੀ ਸੀ।







