ਬਠਿੰਡਾ ’ਚ ਵੱਡਾ ਹਾਦਸਾ ਟਲਿਆ: ਸਕੂਲ ਵੈਨ ਨੂੰ ਲੱਗੀ ਅੱਗ

ਫੈਕਟ ਸਮਾਚਾਰ ਸੇਵਾ

ਬਠਿੰਡਾ, ਅਗਸਤ 22

ਬੀਬੀਵਾਲਾ ਰੋਡ ‘ਤੇ ਅੱਜ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ ਤਰਥੱਲੀ ਮੱਚ ਗਈ। ਵੈਨ ਵਿੱਚ ਕਰੀਬ 35 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਚਾਲਕ ਦੀ ਸੂਝ-ਬੂਝ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਵੱਡੀ ਗਿਣਤੀ ’ਚ ਮੌਕੇ ‘ਤੇ ਪਹੁੰਚ ਗਏ ਅਤੇ ਆਪਣੇ ਬੱਚਿਆਂ ਨੂੰ ਘਰ ਲੈ ਗਏ।

ਜਾਣਕਾਰੀ ਅਨੁਸਾਰ ਬੀਬੀਵਾਲਾ ਪਿੰਡ ਸਥਿਤ ਇੱਕ ਨਿੱਜੀ ਸਕੂਲ ਦੀ ਵੈਨ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਜਦੋਂ ਵੈਨ ਬੀਬੀਵਾਲਾ ਰੋਡ ‘ਤੇ ਪਹੁੰਚੀ ਤਾਂ ਅਚਾਨਕ ਇੰਜਣ ’ਚੋਂ ਧੂੰਆਂ ਨਿਕਲਣ ਲੱਗਾ। ਚਾਲਕ ਬੱਬੂ ਨੇ ਤੁਰੰਤ ਵੈਨ ਨੂੰ ਸੜਕ ਕੰਢੇ ਰੋਕ ਕੇ ਬੱਚਿਆਂ ਨੂੰ ਪਿੱਛੇ ਵੱਲ ਜਾਣ ਲਈ ਕਿਹਾ। ਵੈਨ ਰੁਕਦਿਆਂ ਹੀ ਅੱਗ ਤੇਜ਼ੀ ਨਾਲ ਫੈਲਣ ਲੱਗੀ ਅਤੇ ਅੰਦਰ ਧੂੰਆਂ ਭਰ ਗਿਆ।

ਘਟਨਾ ਦਾ ਪਤਾ ਚੱਲਦਿਆਂ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਵੈਨ ’ਚੋਂ ਬਾਹਰ ਕੱਢ ਕੇ ਨੇੜਲੇ ਇੱਕ ਕਮਰੇ ’ਚ ਬਿਠਾਇਆ।
ਧੂੰਆਂ ਜ਼ਿਆਦਾ ਹੋਣ ਕਾਰਨ ਲੋਕਾਂ ਨੇ ਵੈਨ ਦੇ ਸ਼ੀਸ਼ੇ ਤੋੜ ਕੇ ਧੂੰਆਂ ਬਾਹਰ ਕੱਢਿਆ। ਚਾਲਕ ਨੇ ਅੱਗ ਬੁਝਾਉਣ ਵਾਲੇ ਯੰਤਰ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਆਸ-ਪਾਸ ਦੇ ਦੁਕਾਨਦਾਰ ਵੀ ਅੱਗ ਬੁਝਾਉਣ ਵਾਲੇ ਸਿਲੰਡਰ ਲੈ ਕੇ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ।

ਪੀ.ਸੀ.ਏ. ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਵੈਨ ਚਾਲਕ ਬੱਬੂ ਨੇ ਦੱਸਿਆ ਕਿ ਇੰਜਣ ਵਿੱਚੋਂ ਧੂੰਆਂ ਨਿਕਲਦਿਆਂ ਹੀ ਉਸਨੇ ਤੁਰੰਤ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਉਸ ਅਨੁਸਾਰ ਅੱਗ ਤਕਨੀਕੀ ਖਰਾਬੀ ਕਾਰਨ ਲੱਗੀ ਜਾਪਦੀ ਹੈ।

ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੀ.ਸੀ.ਆਰ. ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਬੱਚਿਆਂ ਦੇ ਮਾਪੇ ਮੌਕੇ ‘ਤੇ ਪਹੁੰਚ ਗਏ ਸਨ ਅਤੇ ਉਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਲੈ ਗਏ।

Leave a Reply

Your email address will not be published. Required fields are marked *

View in English