ਫੈਕਟ ਸਮਾਚਾਰ ਸੇਵਾ
ਜੋਸ਼ੀਮਠ , ਅਕਤੂਬਰ 10
ਸਰਦੀਆਂ ਲਈ ਅੱਜ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਵਿਧੀ ਵਿਧਾਨ ਦੇ ਅਨੁਸਾਰ ਬੰਦ ਕਰ ਦਿੱਤੇ ਗਏ ਹਨ। ਕਪਾਟ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 10 ਵਜੇ ਸ਼ੁਰੂ ਹੋਈ। ਅੱਜ ਸਵੇਰੇ 10 ਵਜੇ ਸੁਖਮਨੀ ਦੇ ਪਾਠ ਆਰੰਭ ਕੀਤੇ ਗਏ। 11:15 ਤੋਂ 12:30 ਤੱਕ ਸ਼ਬਦ ਕੀਰਤਨ ਅਤੇ 12:30 ਤੋਂ 1 ਵਜੇ ਤੱਕ ਇਸ ਸਾਲ ਦੀ ਅੰਤਿਮ ਅਰਦਾਸ ਹੋਈ।
ਦੁਪਹਿਰ ਇਕ ਵਜੇ ਹੁਕਮਨਾਮਾ ਲਿਆ ਗਿਆ ਅਤੇ 418 ਇੰਜੀਨੀਅਰ ਕੋਰ ਆਰਮੀ ਬੈਂਡ ਦੀ ਸੁਰੀਲੀ ਧੁਨ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਦਰਬਾਰ ਸਾਹਿਬ ਤੋਂ ਸੱਚਖੰਡ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।
ਗੋਵਿੰਦਘਾਟ ਗੁਰਦੁਆਰੇ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਕਪਾਟ ਬੰਦ ਹੋਣ ਸਮੇਂ 1500 ਦੇ ਕਰੀਬ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਨਤਮਸਤਕ ਹੋਏ, ਜਿਨ੍ਹਾਂ ਵਿੱਚ ਹੇਮਕੁੰਟ ਸਾਹਿਬ ਦੇ ਮੁੱਖ ਟਰੱਸਟੀ ਜਨਕ ਸਿੰਘ ਦਾ ਜੱਥਾ , ਜਲੰਧਰ ਤੋਂ ਭਗਤ ਸਿੰਘ ਦਾ ਜੱਥਾ, ਕਰਨਾਲ ਤੋਂ ਅਮਰਜੀਤ ਦਾ ਜੱਥਾ ਅਤੇ ਹੋਰ ਸ਼ਰਧਾਲੂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਸਾਲ ਦੋ ਲੱਖ 47 ਹਜ਼ਾਰ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।







