ਫਿਲਮ ‘ਯਾਰੀਆਂ 2’ ’ਚ ਕਕਾਰ ਦੀ ਬੇਅਦਬੀ ਨੂੰ ਲੈ ਕੇ ਕਾਰਵਾਈ ਦੇ ਹੁਕਮ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਅਗਸਤ 29

ਫਿਲਮ ‘ਯਾਰੀਆਂ 2’ ਦੇ ਇਕ ਦ੍ਰਿਸ਼ ’ਚ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਭਖ ਗਿਆ ਹੈ। ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਚੱਲ ਰਿਹਾ ਹੈ, ਜਿਸ ’ਚ ਇਕ ਕੱਟੇ ਹੋਏ ਵਾਲਾਂ ਦਾ ਵਿਅਕਤੀ ਕਿਰਪਾਨ ਪਾ ਕੇ ਕੁੜੀ ਨਾਲ ਬੱਸ ’ਚ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਇਸ ’ਤੇ ਸਖ਼ਤ ਇਤਰਾਜ਼ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਸ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਉਨ੍ਹਾਂ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ। ਫਿਲਮ ਸੈਂਸਰ ਬੋਰਡ ’ਚ ਘੱਟੋ-ਘੱਟ ਇਕ ਸਿੱਖ ਮੈਂਬਰ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਨਾ ਵਾਪਰੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵੀਡੀਓ ’ਤੇ ਸਖ਼ਤ ਇਤਰਾਜ਼ ਕੀਤਾ ਹੈ। ਕਮੇਟੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅਦਾਕਾਰ ਇਤਰਾਜ਼ਯੋਗ ਢੰਗ ਨਾਲ ਸਿੱਖ ਕਕਾਰ ਕਿਰਪਾਨ ਪਹਿਨੀ ਨਜ਼ਰ ਆ ਰਿਹਾ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਦੁਨੀਆ ਭਰ ’ਚ ਵੱਸਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਕਿਰਪਾਨ ਪਹਿਨਣ ਦਾ ਅਧਿਕਾਰ ਕੇਵਲ ਅੰਮ੍ਰਿਤਧਾਰੀ ਸਿੱਖ ਨੂੰ ਹੀ ਹੈ। ਇਹ ਵੀਡੀਓ ਯੂਟਿਊਬ ਚੈਨਲ ’ਤੇ ਜਨਤਕ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ। ਜੇ ਉਕਤ ਇਤਰਾਜ਼ਯੋਗ ਦ੍ਰਿਸ਼ ਕਿਸੇ ਹੋਰ ਪਲੇਟਫਾਰਮ ’ਤੇ ਚਲਾਏ ਗਏ ਹਨ ਤਾਂ ਉਸ ਨੂੰ ਵੀ ਹਟਾਉਣਾ ਚਾਹੀਦਾ ਹੈ। ਜੇਕਰ ਇਸ ਵੀਡੀਓ ਨੂੰ ਜਨਤਕ ਪਲੇਟਫਾਰਮਾਂ ਤੋਂ ਨਾ ਹਟਾਇਆ ਗਿਆ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English