ਫੈਕਟ ਸਮਾਚਾਰ ਸੇਵਾ
ਬਾਜਾਖਾਨਾ , ਅਕਤੂਬਰ 17
ਫਰੀਦਕੋਟ ਜ਼ਿਲ੍ਹੇ ‘ਚ ਪੈਂਦੇ ਜੈਤੋ ਸਬ-ਡਵੀਜ਼ਨ ਦੇ ਦੋ ਪ੍ਰਾਈਵੇਟ ਸਕੂਲਾਂ ਐਲਾਇੰਸ ਇੰਟਰਨੈਸ਼ਨਲ ਸਕੂਲ ਤੇ ਸ਼ਿਵਾਲਿਕ ਕਿਡਸ ਸਕੂਲ ‘ਚ ਪਿਛਲੇ ਕੁਝ ਦਿਨਾਂ ਦੌਰਾਨ ਲਾਗ ਦੀ ਬਿਮਾਰੀ ਚਿਕਨ ਪੌਕਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਨ੍ਹਾਂ ਦੋਵਾਂ ਸਕੂਲਾਂ ‘ਚ 7 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਬੱਚਿਆਂ ਨੂੰ ਅਲੱਗ ਅਲੱਗ ਕਰਕੇ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕਰਨ ਦੇ ਹੁਕਮ ਜਾਰੀ ਕੀਤੇ। ਸਿਵਲ ਸਰਜਨ ਡਾ. ਅਨਿਲ ਕੁਮਾਰ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਲਾਕੇ ਵਿੱਚ ਮੁਸਤੈਦ ਹਨ, ਜਦੋਂ ਇਸ ਬਿਮਾਰੀ ਸਬੰਧੀ ਖਬਰ ਆਹਲਾ ਅਧਿਕਾਰੀਆਂ ਤੱਕ ਪਹੁੰਚੀ ਸੀ।
ਇਸ ਸਬੰਧੀ ਹੋਰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਬੰਦ ਕੀਤੇ ਸਕੂਲਾਂ ਸਮੇਤ ਜੈਤੋ ਕਸਬੇ ਵਿੱਚ ਕੁੱਲ 17 ਸਕੂਲ ਹਨ ਅਤੇ ਬਾਕੀ ਦੇ 15 ਸਕੂਲਾਂ ‘ਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋ ਸਕੂਲਾਂ ਵਿੱਚੋਂ ਅਲਾਇੰਸ ਸਕੂਲ ਦੇ 21 ਬੱਚਿਆਂ ਨੂੰ ਇਸ ਬਿਮਾਰੀ ਨੇ ਆਪਣੀ ਲਪੇਟ ‘ਚ ਲਿਆ ਹੈ ਅਤੇ 3 ਬੱਚੇ ਸ਼ਿਵਾਲਿਕ ਕਿਡਜ਼ ਸਕੂਲ ਦੇ ਗ੍ਰਸਤ ਹਨ।







