ਫੈਕਟ ਸਮਾਚਾਰ ਸੇਵਾ
ਮੰਡੀ ਗੋਬਿੰਦਗੜ੍ਹ , ਅਪ੍ਰੈਲ 9
ਮੰਡੀ ਗੋਬਿੰਦਗੜ੍ਹ ਸਥਿਤ ਅਨਾਜ ਮੰਡੀ ਨੇੜੇ ਗਿਆਨ ਕਾਸਟਿੰਗ ਫਰਨਿਸ਼ ‘ਚ ਭੱਠੀ ‘ਤੇ ਕੰਮ ਕਰਦੇ ਸਮੇਂ ਗਰਮ ਲੋਹਾ ਪੈ ਜਾਣ ਕਾਰਨ 7 ਮਜ਼ਦੂਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਮਜ਼ਦੂਰ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਤੇ ਛੇ ਮਜ਼ਦੂਰਾਂ ਨੂੰ ਖੰਨਾ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਰਾਜੇਸ਼ ਛਿਬੜ ਤੇ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਮਲਕੀਤ ਸਿੰਘ ਮੌਕੇ ‘ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਿੱਲ ‘ਚ ਲਗਾਤਾਰ ਤਿੰਨ ਧਮਾਕੇ ਹੋਏ। ਧਮਾਕੇ ਇੰਨੇ ਜ਼ੋਰਦਾਰ ਸਨ ਕਿ ਨੇੜਲੇ ਘਰਾਂ ਦੀਆਂ ਕੰਧਾਂ ਵੀ ਹਿਲਾ ਦਿੱਤੀਆਂ। ਇਲਾਕੇ ਦੇ ਲੋਕਾਂ ਵੱਲੋਂ ਮਿੱਲ ਮਾਲਕਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਮਿਲ ਮਾਲਕਾ ਮਜ਼ਦੂਰਾਂ ਨੂੰ ਕੰਮ ਕਰਦੇ ਸਮੇਂ ਪੂਰੀ ਤਰ੍ਹਾਂ ਸੇਫਟੀ ਯੰਤਰ ਜਾਂ ਸੁਰੱਖਿਆ ਦਾ ਸਾਮਾਨ ਮੁਹੱਈਆ ਨਹੀਂ ਕਰਵਾਉਂਦੇ ਜਿਸ ਕਾਰਨ ਅਕਸਰ ਮਜ਼ਦੂਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਜਾਂਦੇ ਹਨ।







