ਫੈਕਟ ਸਮਾਚਾਰ ਸੇਵਾ
ਕੋਲਕਾਤਾ, ਮਈ 8
ਪੱਛਮੀ ਬੰਗਾਲ ਦੀ 17ਵੀਂ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਨਹੀਂ ਬਦਲਿਆ ਹੈ। ਜਦੋਂ ਕਿ ਉਹ ਅਧਿਕਾਰਤ ਤੌਰ ‘ਤੇ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਬਣ ਗਈ ਹੈ, ਪਰ ਉਨ੍ਹਾਂ ਅਜੇ ਵੀ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ‘ਤੇ ਮੁੱਖ ਮੰਤਰੀ ਦਾ ਟੈਗ ਬਰਕਰਾਰ ਰੱਖਿਆ ਹੈ।
ਮਮਤਾ ਬੈਨਰਜੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ, ਫੇਸਬੁੱਕ ਅਤੇ ਐਕਸ ‘ਤੇ “ਮਾਨਯੋਗ ਮੁੱਖ ਮੰਤਰੀ ਪੱਛਮੀ ਬੰਗਾਲ” ਯੂਜ਼ਰਨੇਮ ਦੀ ਵਰਤੋਂ ਕਰ ਰਹੀ ਹੈ । ਆਪਣੀ ਹਾਰ ਦੇ ਬਾਵਜੂਦ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕੀਤਾ ਹੈ, ਇਹ ਅਹੁਦਾ ਉਨ੍ਹਾਂ ਸੋਸ਼ਲ ਮੀਡੀਆ ‘ਤੇ ਕਾਇਮ ਰਖਿਆ ਹੈ।
ਇਸ ਤੋਂ ਪਹਿਲਾ 17ਵੀਂ ਵਿਧਾਨ ਸਭਾ ਦਾ ਕਾਰਜਕਾਲ 7 ਮਈ ਨੂੰ ਖਤਮ ਹੋ ਗਿਆ ਸੀ। ਰਾਜਪਾਲ ਨੇ ਸੰਵਿਧਾਨ ਦੀ ਧਾਰਾ 174 (2)(ਬੀ) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ। ਲੋਕ ਭਵਨ, ਕੋਲਕਾਤਾ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਪਾਲ ਆਰ.ਐਨ. ਰਵੀ ਨੇ ਵਿਧਾਨ ਸਭਾ ਨੂੰ ਭੰਗ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ।







