ਪੰਜਾਬ ‘ਚ ਮਹਿੰਗਾ ਹੋਇਆ ਬੱਸ ਸਫਰ, ਕਿਰਾਇਆ ਵਧਿਆ

ਚੰਡੀਗੜ੍ਹ : ਪੰਜਾਬ ਵਿੱਚ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਡੀਜ਼ਲ ‘ਤੇ ਵੈਟ 92 ਪੈਸੇ ਪ੍ਰਤੀ ਲੀਟਰ ਵਧਾਉਣ ਦੇ ਨਾਲ-ਨਾਲ ਸਰਕਾਰ ਨੇ ਬੱਸ ਕਿਰਾਏ ‘ਚ ਵੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਬੱਸਾਂ ਦਾ ਕਿਰਾਇਆ 23 ਪੈਸੇ ਤੋਂ ਵਧਾ ਕੇ 46 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਘੱਟੋ-ਘੱਟ 15 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਭਾਵੇਂ ਉਹ ਸਿਰਫ਼ ਇੱਕ ਕਿਲੋਮੀਟਰ ਦੀ ਦੂਰੀ ਹੀ ਤੈਅ ਕਰਦੇ ਹਨ। ਬੱਸ ਕਿਰਾਏ ਵਿੱਚ ਵਾਧੇ ਨਾਲ ਸਰਕਾਰ ਨੂੰ 150 ਕਰੋੜ ਰੁਪਏ ਜੁਟਾਉਣ ਵਿੱਚ ਮਦਦ ਮਿਲੇਗੀ। ਔਰਤਾਂ ਨੂੰ ਮਿਲਣ ਵਾਲੀ ਮੁਫਤ ਯਾਤਰਾ ਦੀ ਸਹੂਲਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਕਰੀਬ ਚਾਰ ਸਾਲਾਂ ਬਾਅਦ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ। ਇਹ ਵਾਧਾ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ‘ਤੇ ਲਾਗੂ ਹੋਵੇਗਾ। ਹੀਟ ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨ (ਐਚਐਸਵੀਏਸੀ) ਦੀਆਂ ਆਮ ਬੱਸਾਂ ਦੇ ਕਿਰਾਏ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਪ੍ਰਤੀ ਕਿਲੋਮੀਟਰ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਸੀ, ਜੋ ਹੁਣ 1.45 ਰੁਪਏ ਪ੍ਰਤੀ ਕਿਲੋਮੀਟਰ ਹੋ ਜਾਵੇਗਾ। ਏਸੀ ਬੱਸਾਂ ਦਾ ਕਿਰਾਇਆ 28 ਪੈਸੇ ਵਧਾ ਕੇ 1.74 ਰੁਪਏ ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।
ਇੰਟੈਗਰਲ ਕੋਚ ਦਾ ਕਿਰਾਇਆ 41 ਪੈਸੇ ਵਧਾ ਕੇ 2.61 ਰੁਪਏ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ 2.90 ਰੁਪਏ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English