ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਨਵੰਬਰ 13
ਪੰਜਾਬ ਕਾਡਰ ਦੇ ਇਕ ਆਈਏਐਸ ਅਧਿਕਾਰੀ ਦੇ ਘਰ ‘ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ‘ਚ ਰਹਿਣ ਵਾਲੇ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਗੋਲ਼ੀਆਂ ਚਲਾਈਆਂ। ਇਸ ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਸਮੇਤ ਘਰ ‘ਚ ਮੌਜੂਦ ਸਨ। ਵਰਿੰਦਰ ਕੁਮਾਰ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਰਹਿਣਾ ਸੁਰੱਖਿਅਤ ਸਮਝਿਆ ਤੇ ਇਸ ਦੌਰਾਨ ਪੁਲਿਸ ਕੰਟਰੋਲ ਰੂਮ ਤੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਫੋਨ ਕੀਤਾ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ‘ਚ ਤਾਇਨਾਤ ਹਨ। ਇਹ ਘਟਨਾ ਦੇਰ ਰਾਤ 11 ਵਜੇ ਦੀ ਹੈ।
ਅਣਪਛਾਤੇ ਮੁਲਜ਼ਮਾਂ ਨੇ ਘਰ ਦੇ ਬਾਹਰ ਸੜਕ ਤੋਂ ਗੋਲ਼ੀ ਚਲਾਈ ਸੀ, ਖੁਸ਼ਕਿਸਮਤੀ ਇਹ ਰਹੀ ਕਿ ਗੋਲ਼ੀ ਇਕ ਕਮਰੇ ਦੀ ਖਿੜਕੀ ਦੀ ਪਲਾਈ ‘ਚ ਜਾ ਵੱਜੀ ਜਿਸ ਕਾਰਨ ਗੋਲ਼ੀ ਕਿਸੇ ਨੂੰ ਨਹੀਂ ਲੱਗੀ। ਚੰਡੀਗੜ੍ਹ ਪੁਲਿਸ ਨੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮਾਂ ਦੀ ਫੁਟੇਜ ਦੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੇਰ ਰਾਤ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਸੀ।







