ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਗਸਤ 22
ਸੋਸ਼ਲ ਮੀਡੀਆ ‘ਤੇ ਅਕਸਰ ਅਜੀਬੋ-ਗਰੀਬ ਦਾਅਵਿਆਂ ਅਤੇ ਆਫ਼ਰਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਹਿਲਾਂ ਪੈਟਰੋਲ ਦਾ ਲੰਗਰ ਲਗਾਉਣ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਨਿਵਾਸੀ ਅਤੇ ਕਾਰੋਬਾਰੀ ਰਾਕੇਸ਼ ਤ੍ਰਿਹਾਨ ਉਰਫ਼ ‘ਰਾਜਾ ਦੀ ਕਿੰਗ’ ਨੇ ਕਥਿਤ ਤੌਰ ‘ਤੇ ਆਈਫੋਨ ਦਾ ਲੰਗਰ (ਵੰਡਣ) ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਮੁਫ਼ਤ ਜਾਂ ਡਿਸਕਾਊਂਟ ਵਾਲੇ ਆਈਫੋਨ ਆਫ਼ਰ ਦਾ ਲਾਭ ਲੈਣ ਲਈ ਰਾਜਾ ਦੀ ਕਿੰਗ ਨੇ ਕੁਝ ਸ਼ਰਤਾਂ ਅਤੇ ਨਿਯਮ ਵੀ ਤੈਅ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਵੀਡੀਓ ‘ਚ ਰਾਜਾ ਦੀ ਕਿੰਗ ਨੇ ਆਫ਼ਰ ਦਾ ਲਾਭ ਲੈਣ ਦਾ ਤਰੀਕਾ ਦੱਸਦਿਆਂ ਕਿਹਾ ਕਿ ਇਸ ਯੋਜਨਾ ‘ਚ ਸਿਰਫ਼ ਔਰਤਾਂ ਹੀ ਹਿੱਸਾ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤ ਦੀ ਉਮਰ ਘੱਟੋ-ਘੱਟ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਰਾਜਾ ਦੀ ਕਿੰਗ ਨੇ ਵੀਡੀਓ ‘ਚ ਕਿਹਾ ਕਿ ਇਸ ਆਫ਼ਰ ਦਾ ਆਨੰਦ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਆਰਥਿਕ ਸ਼ਰਤ ਨਹੀਂ ਜੋੜੀ ਗਈ ਹੈ। ਬੱਸ ਔਰਤ ਨੂੰ ਹਿੱਸਾ ਲੈਣ ਲਈ ਇੱਕ ਨੰਬਰ (8343000786) ‘ਤੇ ‘ਜੈ ਮਾਤਾ ਦੀ’ ਲਿਖ ਕੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਉਹ ਨੰਬਰ ਇੱਕ ਵਟਸਐਪ ਗਰੁੱਪ (“ਜੈ ਮਾਤਾ ਦੀ ਆਈ ਫੋਨ ਗਰੁੱਪ”) ‘ਚ ਐਡ ਹੋ ਜਾਵੇਗਾ, ਜਿੱਥੇ ਰੋਜ਼ਾਨਾ ‘ਜੈ ਮਾਤਾ ਦੀ’ ਲਿਖਣਾ ਹੋਵੇਗਾ।
ਦੱਸ ਦੇਈਏ ਕਿ ‘ਰਾਜਾ ਦੀ ਕਿੰਗ’ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ ‘ਚ 18 ਅਗਸਤ ਨੂੰ ਪੈਟਰੋਲ ਦਾ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ, ਪਰ ਭਾਰੀ ਮੀਂਹ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 21 ਅਗਸਤ ਨੂੰ ਉਸੇ ਸਥਾਨ ‘ਤੇ ਲੰਗਰ ਲਗਾਉਣ ਦਾ ਐਲਾਨ ਕੀਤਾ। ਹਾਲਾਂਕਿ, ਬਾਅਦ ‘ਚ ਰਾਜਾ ਦੀ ਕਿੰਗ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਅਤੇ ਪ੍ਰਸ਼ਾਸਨਿਕ ਮਨਜ਼ੂਰੀ ਨਾ ਮਿਲਣ ਕਾਰਨ ਪੁਲਿਸ ਨੇ ਇਸ ਪ੍ਰੋਗਰਾਮ ‘ਤੇ ਰੋਕ ਲਗਾ ਦਿੱਤੀ। ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮੁੱਖ ਰੱਖਦਿਆਂ ਇਹ ਪ੍ਰੋਗਰਾਮ ਵੀ ਮੁਲਤਵੀ ਕਰਨਾ ਪਿਆ।
ਅੰਮ੍ਰਿਤਸਰ ਦੇ ਨਿਵਾਸੀ ਰਾਕੇਸ਼ ਤ੍ਰਿਹਾਨ ਬਿਟਕੋਇਨ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੇ ਪਿਤਾ ਅੰਮ੍ਰਿਤਸਰ ‘ਚ ਕੱਪੜੇ ਦੇ ਵਪਾਰੀ ਸਨ। ਸਾਲ 2010 ਤੋਂ ਉਹ ਬਿਟਕੋਇਨ ਦਾ ਬਿਜ਼ਨਸ ਕਰ ਰਹੇ ਹਨ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਹਿੱਸਾ ਉਹ ਲੋਕਾਂ ਦੀ ਸੇਵਾ ‘ਚ ਖਰਚ ਕਰਦੇ ਹਨ। ਪੈਟਰੋਲ ਤੋਂ ਬਾਅਦ ਉਨ੍ਹਾਂ ਦਾ ਅਗਲਾ ਟੀਚਾ ਆਈਫੋਨ ਦਾ ਲੰਗਰ ਲਗਾਉਣਾ ਸੀ।







