ਫੈਕਟ ਸਮਾਚਾਰ ਸੇਵਾ
ਪਾਣੀਪਤ , ਮਾਰਚ 7
ਪਾਣੀਪਤ ‘ਚ ਰੋਹਤਕ ਜੈਪੁਰ ਹਾਈਵੇਅ ‘ਤੇ ਰੇਲਵੇ ਓਵਰ ਬ੍ਰਿਜ ‘ਤੇ ਬਾਈਪਾਸ ‘ਤੇ ਅੱਜ ਇਕ ਬੰਦ ਸੂਟਕੇਸ ‘ਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਹੜਕੰਪ ਮਚ ਗਿਆ। ਮ੍ਰਿਤਕ ਮਹਿਲਾ ਦੇ ਮੂੰਹ ‘ਤੇ ਟੇਪ ਲੱਗੀ ਹੋਈ ਸੀ। ਉਸ ਦੇ ਹੱਥ ਰੱਸੀ ਨਾਲ ਬੰਨੇ ਹੋਏ ਸੀ। ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਏਐਸਪੀ, ਸੀਆਈਏ ਅਤੇ ਸੈਕਟਰ 29 ਥਾਣਾ ਪੁਲੀਸ ਮੌਕੇ ’ਤੇ ਪਹੁੰਚ ਗਈ। ਐਫਐਸਐਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ 12 ਵਜੇ ਰਾਹਗੀਰਾਂ ਦੀ ਨਜ਼ਰ ਸੂਟਕੇਸ ‘ਤੇ ਪਈ। ਜਦੋਂ ਉਨਾਂ ਨੇ ਸੂਟਕੇਸ ਖੋਲ੍ਹਿਆ ਤਾਂ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਟਕੇਸ ਅੰਦਰ ਸਮਾਨ ਦੀ ਥਾਂ ਔਰਤ ਦੀ ਲਾਸ਼ ਪਈ ਸੀ। ਔਰਤ ਦੀ ਲਾਸ਼ ਸੜੀ ਹਾਲਤ ਵਿਚ ਸੀ। ਉਸ ਦੇ ਮੂੰਹ ‘ਤੇ ਟੇਪ ਲੱਗੀ ਹੋਈ ਸੀ, ਹੱਥ-ਪੈਰ ਬੰਨ੍ਹੇ ਹੋਏ ਸਨ।
ਸੂਟਕੇਸ ਦੇ ਅੰਦਰ ਤੋਂ ਕੋਈ ਵੀ ਦਸਤਾਵੇਜ ਨਹੀਂ ਮਿਲੇ ਤਾਂ ਜੋ ਔਰਤ ਦੀ ਪਛਾਣ ਹੋ ਸਕੇ। ਯਾਤਰੀਆਂ ਨੇ ਘਟਨਾ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ।







